ਅਮਰੀਕਾ ਦੇ ਕੈਲੀਫੋਰਨੀਆ ’ਚ ਭੂਚਾਲ ਨਾਲ ਕੰਬੀ ਧਰਤੀ, ਲੋਕਾਂ ’ਚ ਦਹਿਸ਼ਤ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਸ਼ਨਿਚਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭਾਰਤੀ ਸਮੇਂ ਅਨੁਸਾਰ 28 ਨਵੰਬਰ ਦੀ ਰਾਤ ਕਰੀਬ 11 ਵਜੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 5.0 ਮਾਪੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐੱਸਜੀਐੱਸ) ਅਨੁਸਾਰ ਭੂਚਾਲ ਦਾ ਕੇਂਦਰ ਮੈਨਹਟਨ ਬੀਚ ਇਲਾਕੇ ਵਿੱਚ ਸੀ। ਮੁੱਢਲੀਆਂ ਰਿਪੋਰਟਾਂ ਮੁਤਾਬਕ ਇਸ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਭੂਚਾਲ ਤੋਂ ਬਾਅਦ ਲਾਸ ਏਂਜਲਸ ਫਾਇਰ ਵਿਭਾਗ ਨੇ ਐਮਰਜੈਂਸੀ ਪ੍ਰਬੰਧ ਸਰਗਰਮ ਕਰ ਦਿੱਤੇ ਅਤੇ ਸ਼ਹਿਰ ਦੇ 106 ਇਲਾਕਾਈ ਫਾਇਰ ਸਟੇਸ਼ਨਾਂ ਤੋਂ ਮੁਲਾਜ਼ਮਾਂ ਨੂੰ ਬੁਨਿਆਦੀ ਢਾਂਚੇ ਦੀ ਜਾਂਚ ਲਈ ਭੇਜਿਆ। ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਦੱਸਿਆ ਕਿ ਹੁਣ ਤੱਕ ਕਿਸੇ ਦੇ ਜ਼ਖ਼ਮੀ ਹੋਣ ਜਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀ ਕੋਈ ਰਿਪੋਰਟ ਨਹੀਂ ਮਿਲੀ।

ਮੈਨਹਟਨ ਬੀਚ ਪ੍ਰਸ਼ਾਸਨ ਨੇ ਲੋਕਾਂ ਨੂੰ ਭੂਚਾਲ ਤੋਂ ਬਾਅਦ ਆਉਣ ਵਾਲੇ ਝਟਕਿਆਂ (ਆਫਟਰਸ਼ੌਕਸ) ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਭੂਚਾਲ ਤੋਂ ਬਾਅਦ ਕੁਝ ਮਿੰਟਾਂ, ਘੰਟਿਆਂ ਜਾਂ ਕਈ ਵਾਰ ਦਿਨਾਂ ਮਗਰੋਂ ਵੀ ਮੁੜ ਝਟਕੇ ਮਹਿਸੂਸ ਹੋ ਸਕਦੇ ਹਨ। ਸ਼ਹਿਰ ਦੇ ਪ੍ਰਸ਼ਾਸਨ ਅਨੁਸਾਰ ਫਿਲਹਾਲ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।