ਹੇਮਕੁੰਟ ਸਾਹਿਬ ਦੀ ਯਾਤਰਾ ਸਮਾਪਤੀ ਤੋਂ ਪਹਿਲਾਂ ਮੁੜ ਬਰਫ਼ਬਾਰੀ, 10 ਅਕਤੂਬਰ ਨੂੰ ਬੰਦ ਹੋਣਗੇ ਕਪਾਟ
ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਸਾਲਾਨਾ ਯਾਤਰਾ ਦੀ ਸਮਾਪਤੀ ਤੋਂ ਇੱਕ ਦਿਨ ਪਹਿਲਾਂ ਮੁੜ ਭਾਰੀ ਬਰਫ਼ਬਾਰੀ ਹੋਈ ਹੈ। ਇਹ ਯਾਤਰਾ 10 ਅਕਤੂਬਰ ਨੂੰ ਸਮਾਪਤ ਹੋਵੇਗੀ ਅਤੇ ਗੁਰਦੁਆਰਾ ਸਾਹਿਬ ਦੇ ਕਪਾਟ ਦੁਪਹਿਰ 2 ਵਜੇ ਤੋਂ ਬਾਅਦ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਜਾਣਗੇ। ਸਮੁੰਦਰ ਤਲ ਤੋਂ ਲਗਭਗ 15 ਹਜ਼ਾਰ ਫੁੱਟ ਤੋਂ ਵੱਧ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਸਾਹਿਬ ਅਤੇ ਆਲੇ-ਦੁਆਲੇ ਦੀਆਂ ਪਹਾੜੀਆਂ ਬਰਫ਼ ਦੀ ਚਿੱਟੀ ਚਾਦਰ ਨਾਲ ਢਕੀਆਂ ਗਈਆਂ ਹਨ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਭਾਈ ਸੇਵਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਗੁਰਦੁਆਰਾ ਸਾਹਿਬ ਅਤੇ ਨੇੜਲੀਆਂ ਉੱਚੀਆਂ ਪਹਾੜੀਆਂ ’ਤੇ ਭਾਰੀ ਬਰਫ਼ਬਾਰੀ ਹੋਈ। ਸ਼ਰਧਾਲੂਆਂ ਦੀ ਆਵਾਜਾਈ ਨੂੰ ਸੁਖਾਲਾ ਬਣਾਈ ਰੱਖਣ ਲਈ ਬਰਫ਼ ਹਟਾਉਣ ਵਾਸਤੇ ਮਸ਼ੀਨਾਂ ਦੀ ਮਦਦ ਲੈਣੀ ਪਈ। ਉਨ੍ਹਾਂ ਅਨੁਸਾਰ ਅੱਜ ਮੌਸਮ ਸਾਫ਼ ਹੈ।
ਇਸ ਸਾਲਾਨਾ ਯਾਤਰਾ ਦੀ ਸ਼ੁਰੂਆਤ 20 ਮਈ ਨੂੰ ਹੋਈ ਸੀ ਅਤੇ ਹੁਣ ਤੱਕ ਲਗਭਗ 3.75 ਲੱਖ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਯਾਤਰਾ ਦੀ ਸਮਾਪਤੀ ਲਈ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਸਮਾਪਤੀ ਵਾਲੇ ਦਿਨ ਸਵੇਰੇ 10 ਵਜੇ ਸੁਖਮਨੀ ਸਾਹਿਬ ਦੇ ਪਾਠ ਨਾਲ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ। ਸਵੇਰੇ 11 ਵਜੇ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ, ਜਦਕਿ ਦੁਪਹਿਰ 12 ਵਜੇ ਯਾਤਰਾ ਦੀ ਸਮਾਪਤੀ ਸਬੰਧੀ ਅਰਦਾਸ ਹੋਵੇਗੀ। ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੇ ਰੂਪ ਵਿੱਚ ਸੁਖਾਸਨ ਅਸਥਾਨ ਤੱਕ ਲਿਜਾਇਆ ਜਾਵੇਗਾ।
ਇਸ ਮੌਕੇ ਭਾਰਤੀ ਫ਼ੌਜ ਦੀ ਸਿੱਖ ਲਾਈਟ ਇਨਫੈਂਟਰੀ ਦੇ ਬੈਂਡ ਮੈਂਬਰ ਵੀ ਸ਼ਾਮਲ ਹੋਣਗੇ ਅਤੇ ਸਮਾਪਤੀ ਸਮਾਰੋਹ ਦੌਰਾਨ ਸ਼ਬਦੀ ਧੁਨਾਂ ਪੇਸ਼ ਕਰਨਗੇ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਇਸ ਯਾਤਰਾ ਦੌਰਾਨ ਪਹਿਲਾਂ ਵੀ ਦੋ ਵਾਰ ਭਾਰੀ ਬਰਫ਼ਬਾਰੀ ਹੋ ਚੁੱਕੀ ਹੈ। ਪਿਛਲੀ ਵਾਰ ਬਰਫ਼ਬਾਰੀ ਕਾਰਨ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਯਾਤਰਾ ਦੋ ਦਿਨਾਂ ਲਈ ਬੰਦ ਕਰਨੀ ਪਈ ਸੀ।







