ਉੱਤਰਾਖੰਡ ਵਿੱਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸਮਾਪਤੀ ਵਿੱਚ ਹੁਣ ਸਿਰਫ਼ ਪੰਜ ਦਿਨ ਬਾਕੀ ਰਹਿ ਗਏ ਹਨ। ਇਸ ਸਾਲ ਦੀ ਯਾਤਰਾ 10 ਅਕਤੂਬਰ ਨੂੰ ਪਵਿੱਤਰ ਕਪਾਟ ਬੰਦ ਹੋਣ ਨਾਲ ਸਮਾਪਤ ਹੋਵੇਗੀ।
20 ਮਈ ਤੋਂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਕਰੀਬ ਸਾਢੇ ਚਾਰ ਮਹੀਨਿਆਂ ਵਿੱਚ ਲਗਪਗ 3 ਲੱਖ 68 ਹਜ਼ਾਰ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਸਮੁੰਦਰ ਤਲ ਤੋਂ 15 ਹਜ਼ਾਰ ਫੁੱਟ ਤੋਂ ਵੱਧ ਦੀ ਉਚਾਈ ’ਤੇ ਸਥਿਤ ਇਸ ਪਵਿੱਤਰ ਅਸਥਾਨ ’ਤੇ ਪਹੁੰਚਣ ਵਾਲੀ ਸੰਗਤ ਦੀ ਇਹ ਗਿਣਤੀ ਹੁਣ ਤੱਕ ਦੇ ਪਿਛਲੇ ਸਾਰੇ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਦੱਸੀ ਜਾ ਰਹੀ ਹੈ।
10 ਅਕਤੂਬਰ ਨੂੰ ਦੁਪਹਿਰ ਬਾਅਦ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਿੱਖ ਸੰਗਤ ਲਈ ਸਰਦ ਰੁੱਤ ਵਾਸਤੇ ਬੰਦ ਕਰ ਦਿੱਤੇ ਜਾਣਗੇ। ਸਮਾਪਤੀ ਸਮਾਗਮ ਤਹਿਤ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਣਗੇ, ਜਦਕਿ 11 ਵਜੇ ਗੁਰਬਾਣੀ ਕੀਰਤਨ ਹੋਵੇਗਾ। ਦੁਪਹਿਰ 12 ਵਜੇ ਸਮਾਪਤੀ ਦੀ ਅਰਦਾਸ ਉਪਰੰਤ ਕਰੀਬ 1 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਪ੍ਰਕਾਸ਼ ਅਸਥਾਨ ਤੋਂ ਸੁਖਆਸਨ ਅਸਥਾਨ ਵਿਖੇ ਲਿਜਾਇਆ ਜਾਵੇਗਾ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੀਈਓ ਭਾਈ ਸੇਵਾ ਸਿੰਘ ਨੇ ਸਮਾਪਤੀ ਪ੍ਰਬੰਧਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਮੌਕੇ ਭਾਰਤੀ ਫ਼ੌਜ ਦੀ 418 ਇੰਡੀਪੈਂਡੈਂਟ ਰੈਜੀਮੈਂਟ ਦਾ ਸਿੱਖ ਲਾਈਟ ਬੈਂਡ ਸ਼ਬਦੀ ਧੁਨਾਂ ਪੇਸ਼ ਕਰੇਗਾ। ਇਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਾਵਨ ਸਰੂਪ ਨੂੰ ਸੀਤਕਾਲ ਲਈ ਸੁਖਆਸਨ ਅਸਥਾਨ ’ਤੇ ਲਿਜਾਇਆ ਜਾਵੇਗਾ।
ਇਸ ਦੌਰਾਨ ਸਾਲਾਨਾ ਸਮਾਪਤੀ ਸਮਾਗਮ ਦੀਆਂ ਤਿਆਰੀਆਂ ਲਈ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਵੀ ਗੁਰਦੁਆਰਾ ਗੋਬਿੰਦ ਘਾਟ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਸਮਾਪਤੀ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਯਾਤਰਾ ਦੇ ਅੰਤ ਤੱਕ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਪੌਣੇ ਚਾਰ ਲੱਖ ਤੋਂ ਪਾਰ ਹੋ ਸਕਦੀ ਹੈ।
ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਜਿਹੜੇ ਸ਼ਰਧਾਲੂ ਅਜੇ ਤੱਕ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇ, ਉਹ 10 ਅਕਤੂਬਰ ਨੂੰ ਕਪਾਟ ਬੰਦ ਹੋਣ ਤੋਂ ਪਹਿਲਾਂ ਆਪਣਾ ਯਾਤਰਾ ਪ੍ਰੋਗਰਾਮ ਬਣਾ ਸਕਦੇ ਹਨ।







