ਭਾਰਤੀ-ਅਮਰੀਕੀ ਭਾਈਚਾਰੇ, ਸਿੱਖ ਜਥੇਬੰਦੀਆਂ ਅਤੇ ਡੈਮੋਕ੍ਰੇਟਿਕ ਆਗੂਆਂ ਵੱਲੋਂ ਤਿੱਖੇ ਵਿਰੋਧ ਤੋਂ ਬਾਅਦ ਅਮਰੀਕੀ ਹੋਮਲੈਂਡ ਸਿਕਿਉਰਿਟੀ ਵਿਭਾਗ (DHS) ਨੇ ‘Mr Singh’ ਨੂੰ ਸੈਲਫ-ਡੀਪੋਰਟ ਕਰਨ ਲਈ ਕਹਿਣ ਵਾਲਾ ਵਿਵਾਦਿਤ ਇਸ਼ਤਿਹਾਰ ਹਟਾ ਦਿੱਤਾ ਹੈ।
ਡੀਐੱਚਐੱਸ ਨੇ ਗੈਰ-ਲਾਇਸੈਂਸੀ ਕਮਰਸ਼ੀਅਲ ਡਰਾਈਵਰਾਂ ਖ਼ਿਲਾਫ਼ ਆਪਣੀ ਮੁਹਿੰਮ ਤਹਿਤ ਐਕਸ (ਪਹਿਲਾਂ ਟਵਿੱਟਰ) ’ਤੇ ਏਆਈ ਨਾਲ ਤਿਆਰ ਕੀਤੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇੱਕ ਪੋਸਟਰ ਵਿੱਚ ਭੂਰੀ ਦਾੜ੍ਹੀ ਵਾਲੇ ਵਿਅਕਤੀ ਨੂੰ ਦਿਖਾਉਂਦੇ ਹੋਏ ਲਿਖਿਆ ਗਿਆ ਸੀ, “ਸਾਡੀਆਂ ਸੜਕਾਂ ਤੋਂ ਦੂਰ ਰਹੋ, ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਮਿਸਟਰ ਸਿੰਘ।” ਇਸ ਸੰਦੇਸ਼ ਨੂੰ ਭਾਰਤੀ ਮੂਲ ਅਤੇ ਸਿੱਖ ਭਾਈਚਾਰੇ ਪ੍ਰਤੀ ਅਪਮਾਨਜਨਕ ਅਤੇ ਨਸਲਵਾਦੀ ਕਰਾਰ ਦਿੱਤਾ ਗਿਆ।
ਇਸ ਇਸ਼ਤਿਹਾਰ ਖ਼ਿਲਾਫ਼ ਭਾਰਤੀ-ਅਮਰੀਕੀ ਅਤੇ ਸਿੱਖ ਸੰਗਠਨਾਂ ਨੇ ਤਿੱਖਾ ਵਿਰੋਧ ਜਤਾਇਆ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਸਮੇਤ ਕਈ ਡੈਮੋਕ੍ਰੇਟਿਕ ਆਗੂ ਵੀ ਇਸ ਮੁੱਦੇ ’ਤੇ ਖੁੱਲ੍ਹ ਕੇ ਸਾਹਮਣੇ ਆਏ। ਨਿਊਸਮ ਦੇ ਦਫ਼ਤਰ ਨੇ ਇਸ ਨੂੰ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲਾ ਨਸਲਵਾਦੀ ਪ੍ਰਚਾਰ ਕਰਾਰ ਦਿੱਤਾ।
ਹਿੰਦੂ ਅਮਰੀਕਨ ਫਾਊਂਡੇਸ਼ਨ, ਸਿੱਖ ਕੋਅਲਿਸ਼ਨ, ਹਿੰਦੂਐਕਸ਼ਨ ਅਤੇ ਕੋਅਲਿਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਵਰਗੀਆਂ ਸੰਸਥਾਵਾਂ ਨੇ ਵੀ ਇਸ਼ਤਿਹਾਰ ਦੀ ਨਿੰਦਾ ਕਰਦਿਆਂ ਇਸ ਨੂੰ ਗੈਰ-ਅਮਰੀਕੀ ਅਤੇ ਭੇਦਭਾਵਪੂਰਨ ਦੱਸਿਆ।
ਇਸ਼ਤਿਹਾਰ ਹਟਾਏ ਜਾਣ ਤੋਂ ਬਾਅਦ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ। ਸੰਸਥਾ ਨੇ ਕਿਹਾ ਕਿ ਪੋਸਟ ਹਟਾਉਣਾ ਸਹੀ ਦਿਸ਼ਾ ਵਿੱਚ ਕਦਮ ਹੈ, ਪਰ ਜਦੋਂ ਕੋਈ ਸੰਘੀ ਏਜੰਸੀ ਕਿਸੇ ਭਾਈਚਾਰੇ ਦੀ ਪਛਾਣ ਨੂੰ ਰਾਜਨੀਤਿਕ ਸੰਦੇਸ਼ ਲਈ ਵਰਤਦੀ ਹੈ ਤਾਂ ਸਿਰਫ਼ ਪੋਸਟ ਹਟਾਉਣਾ ਹੀ ਕਾਫ਼ੀ ਨਹੀਂ ਹੁੰਦਾ। ਸੰਸਥਾ ਨੇ ਕਿਹਾ ਕਿ ਭਾਰਤੀ-ਅਮਰੀਕੀ, ਸਿੱਖ, ਹਿੰਦੂ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਆਪਣੀ ਸਰਕਾਰ ਤੋਂ ਹੋਰ ਜ਼ਿੰਮੇਵਾਰ ਵਿਵਹਾਰ ਦੀ ਉਮੀਦ ਰੱਖਦੇ ਹਨ।
ਹਾਲਾਂਕਿ ਵਿਵਾਦਿਤ ਪੋਸਟਰ ਹਟਾ ਦਿੱਤਾ ਗਿਆ ਹੈ, ਪਰ ਡੀਐੱਚਐੱਸ ਨੇ ਬਾਅਦ ਵਿੱਚ ਇੱਕ ਹੋਰ ਵੀਡੀਓ ਜਾਰੀ ਕੀਤੀ ਜਿਸ ਵਿੱਚ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਮਾਮਲੇ ਦਾ ਜ਼ਿਕਰ ਕੀਤਾ ਗਿਆ। ਇਸ ਵਿੱਚ ਪਿਛਲੇ ਸਾਲ ਹੋਏ ਇੱਕ ਘਾਤਕ ਸੜਕ ਹਾਦਸੇ ਦੀ ਗੱਲ ਕੀਤੀ ਗਈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ।
ਇਸੇ ਦੌਰਾਨ ਡੀਐੱਚਐੱਸ ਨੇ ਟ੍ਰਾਂਸਫਾਰਮਰਜ਼ ਫਿਲਮ ਸੀਰੀਜ਼ ਦੇ ਪਾਤਰਾਂ ਦੀ ਵਰਤੋਂ ਕਰਦਿਆਂ ਹੋਰ ਵੀ ਪ੍ਰਚਾਰ ਸਮੱਗਰੀ ਜਾਰੀ ਕੀਤੀ। ਇੱਕ ਵੀਡੀਓ ਵਿੱਚ ਮੇਗਾਟਰੋਨ ਨੂੰ ਕਥਿਤ ਅਪਰਾਧਾਂ ਵਿੱਚ ਸ਼ਾਮਲ ਕੁਝ ਵਿਦੇਸ਼ੀ ਨਾਗਰਿਕਾਂ ਬਾਰੇ ਗੱਲ ਕਰਦੇ ਹੋਏ ਦਿਖਾਇਆ ਗਿਆ, ਜਦਕਿ ਇੱਕ ਹੋਰ ਪੋਸਟ ਵਿੱਚ ਆਪਟੀਮਸ ਪ੍ਰਾਈਮ ਦੇ ਨਾਲ “Self-Deport or Find Out” ਦਾ ਸੰਦੇਸ਼ ਦਿੱਤਾ ਗਿਆ।
‘ਮਿਸਟਰ ਸਿੰਘ’ ਸ਼ਬਦ ਦੀ ਵਰਤੋਂ ਨੂੰ ਲੈ ਕੇ ਉੱਠੇ ਵਿਵਾਦ ਨੇ ਅਮਰੀਕਾ ਵਿੱਚ ਨਸਲੀ ਪਛਾਣ, ਪ੍ਰਵਾਸੀ ਭਾਈਚਾਰਿਆਂ ਅਤੇ ਸਰਕਾਰੀ ਸੰਚਾਰ ਦੀ ਭਾਸ਼ਾ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।







