ਰਵਨੀਤ ਬਿੱਟੂ ਨੂੰ ਪਾਕਿਸਤਾਨ ਤੋਂ ਧਮਕੀ, ਜਾਨੋਂ ਮਾਰਨ ਦੀ ਗੱਲ

ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਐਤਵਾਰ ਨੂੰ ਪਾਕਿਸਤਾਨ ਤੋਂ ਕਥਿਤ ਤੌਰ ’ਤੇ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਲਿਕ ਐਲੇਕਸ ਨਾਂ ਦੇ ਵਿਅਕਤੀ ਨੇ ਵਟਸਐਪ ਰਾਹੀਂ ਬਿੱਟੂ ਨੂੰ ਧਮਕੀ ਭਰਿਆ ਵੁਆਇਸ ਮੈਸੇਜ ਭੇਜਿਆ।

ਸੁਨੇਹੇ ਵਿੱਚ ਬਿੱਟੂ ਨੂੰ ਆਪਣੀ ਬਿਆਨਬਾਜ਼ੀ ’ਤੇ ਕਾਬੂ ਰੱਖਣ ਦੀ ਚਿਤਾਵਨੀ ਦਿੱਤੀ ਗਈ ਅਤੇ ਕਥਿਤ ਤੌਰ ’ਤੇ ਉਸ ਨੂੰ ਅਤੇ ਉਸ ਦੇ ਕੁਝ ਸਾਥੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ। ਧਮਕੀ ਮਿਲਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ, ਸੁਰੱਖਿਆ ਏਜੰਸੀਆਂ, ਪੰਜਾਬ ਪੁਲੀਸ ਅਤੇ ਖ਼ੁਫ਼ੀਆ ਵਿਭਾਗ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਬਿੱਟੂ ਨੂੰ ਪਾਕਿਸਤਾਨ ਦੇ ਇੱਕ ਨੰਬਰ ਤੋਂ ਵਟਸਐਪ ਵੁਆਇਸ ਮੈਸੇਜ ਪ੍ਰਾਪਤ ਹੋਇਆ। ਆਡੀਓ ਦੀ ਸ਼ੁਰੂਆਤ ‘ਸਲਾਮ ਵਲੇਕੁਮ, ਸਤਿ ਸ੍ਰੀ ਅਕਾਲ’ ਨਾਲ ਕੀਤੀ ਗਈ। ਇਸ ਤੋਂ ਬਾਅਦ ਸੁਨੇਹਾ ਭੇਜਣ ਵਾਲੇ ਵਿਅਕਤੀ ਨੇ ਬਿੱਟੂ ਨੂੰ ਆਪਣੀ ਬਿਆਨਬਾਜ਼ੀ ਬਾਰੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹੱਦਾਂ ਵਿੱਚ ਰਹਿਣ।

ਕਥਿਤ ਧਮਕੀ ਦੇਣ ਵਾਲੇ ਨੇ ਆਪਣਾ ਨਾਮ ਮਲਿਕ ਐਲੇਕਸ ਦੱਸਿਆ। ਆਡੀਓ ਵਿੱਚ ਉਸ ਨੇ ਬਿੱਟੂ ਖ਼ਿਲਾਫ਼ ਹਮਲੇ ਦੀ ਧਮਕੀ ਦਿੰਦਿਆਂ ਦਾਅਵਾ ਕੀਤਾ ਕਿ ਉਸ ਲਈ ਵਿਸਫੋਟਕ ਤਿਆਰ ਕੀਤੇ ਗਏ ਹਨ। ਉਸ ਨੇ ਆਉਣ ਵਾਲੇ ਦਿਨਾਂ ਵਿੱਚ ਹਮਲਾ ਕਰਨ ਦੀ ਗੱਲ ਕਹੀ ਅਤੇ ਬਿੱਟੂ ਦੇ ਸਾਥੀਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ।

ਧਮਕੀ ਭਰੇ ਸੁਨੇਹੇ ਦੇ ਅਖੀਰ ਵਿੱਚ ਬਿੱਟੂ ਨੂੰ ਕਥਿਤ ਤੌਰ ’ਤੇ ਗੰਭੀਰ ਨਤੀਜਿਆਂ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਧਮਕੀ ਦੇ ਸਰੋਤ ਅਤੇ ਇਸ ਦੀ ਭਰੋਸੇਯੋਗਤਾ ਦੀ ਜਾਂਚ ਕੀਤੀ ਜਾ ਰਹੀ ਹੈ।