NEET Fee Crisis: ਦਾਖਲਾ ਮਿਲਿਆ, ਪਰ ਫੀਸ ਨੇ ਰੋਕਿਆ ਗਰੀਬ ਵਿਦਿਆਰਥੀਆਂ ਦਾ ਰਾਹ
ਨੀਟ ਪ੍ਰੀਖਿਆ ਵਿੱਚ ਕਾਮਯਾਬੀ ਹਾਸਲ ਕਰਨ ਵਾਲੇ ਕਈ ਹੋਣਹਾਰ ਵਿਦਿਆਰਥੀ ਹੁਣ ਉੱਚੀਆਂ ਦਾਖਲਾ ਫੀਸਾਂ ਕਾਰਨ ਆਪਣੇ ਡਾਕਟਰ ਬਣਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੰਘਰਸ਼ ਕਰ ਰਹੇ ਹਨ। ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦੇ ਇਹ ਵਿਦਿਆਰਥੀ ਯੋਗਤਾ ਦੇ ਬਾਵਜੂਦ ਆਰਥਿਕ ਤੰਗੀ ਨਾਲ ਜੂਝ ਰਹੇ ਹਨ।
ਮਲੋਟ ਦੇ ਪਿੰਡ ਆਲਮਵਾਲਾ ਦੇ ਮਹਿਕਦੀਪ ਸਿੰਘ ਨੇ ਨੀਟ ਪ੍ਰੀਖਿਆ ਪਾਸ ਕਰਕੇ ਗਿਆਨ ਸਾਗਰ ਮੈਡੀਕਲ ਕਾਲਜ ਵਿੱਚ ਸੀਟ ਹਾਸਲ ਕੀਤੀ, ਪਰ ਕਰੀਬ 2.43 ਲੱਖ ਰੁਪਏ ਦੀ ਫੀਸ ਪਰਿਵਾਰ ਲਈ ਵੱਡੀ ਚੁਣੌਤੀ ਬਣ ਗਈ ਹੈ। ਉਸ ਦੇ ਮਾਪਿਆਂ ਨੇ ਪਹਿਲਾਂ ਹੀ ਕੋਚਿੰਗ ਦੇ ਖਰਚੇ ਪੂਰੇ ਕਰਨ ਲਈ ਆਪਣੇ ਗਹਿਣੇ ਵੇਚ ਦਿੱਤੇ ਸਨ। ਹੁਣ ਫੀਸ ਦਾ ਪ੍ਰਬੰਧ ਕਰਨ ਲਈ ਪਰਿਵਾਰ ਨੇ ਆਪਣੀ ਗਾਂ ਤੱਕ ਵੇਚ ਦਿੱਤੀ ਹੈ।
ਇਸੇ ਤਰ੍ਹਾਂ ਮਲੋਟ ਦੇ ਅਮਨ ਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲਾ ਮਿਲਿਆ ਹੈ, ਪਰ 1.10 ਲੱਖ ਰੁਪਏ ਦੀ ਫੀਸ ਜਮ੍ਹਾਂ ਕਰਵਾਉਣਾ ਉਸ ਦੇ ਦਿਹਾੜੀਦਾਰ ਪਿਤਾ ਲਈ ਮੁਸ਼ਕਲ ਬਣਿਆ ਹੋਇਆ ਹੈ। ਪਰਿਵਾਰ ਕਰਜ਼ਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਅਮਨ ਨੇ ਆਪਣੀ ਪੜ੍ਹਾਈ ਦੇ ਨਾਲ ਛੁੱਟੀਆਂ ਦੌਰਾਨ ਮਿਹਨਤ-ਮਜ਼ਦੂਰੀ ਵੀ ਕੀਤੀ।
ਫਾਜ਼ਿਲਕਾ ਦੇ ਪਿੰਡ ਹੌਜ ਗੰਧੜ ਦੀ ਸੁਮਨਦੀਪ ਕੌਰ ਨੇ ਵੀ ਨੀਟ ਵਿੱਚ ਸਫਲਤਾ ਹਾਸਲ ਕਰਕੇ ਫਰੀਦਕੋਟ ਮੈਡੀਕਲ ਕਾਲਜ ਵਿੱਚ ਸੀਟ ਪ੍ਰਾਪਤ ਕੀਤੀ ਹੈ। ਪਰ ਦਾਖਲਾ ਫੀਸ ਅਤੇ ਹੋਸਟਲ ਖਰਚੇ ਮਿਲਾ ਕੇ ਲਗਭਗ 1.60 ਲੱਖ ਰੁਪਏ ਦਾ ਬੋਝ ਪਰਿਵਾਰ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਰੀਕ ਨੇੜੇ ਆਉਣ ਨਾਲ ਪਰਿਵਾਰ ਦੀ ਬੇਚੈਨੀ ਵਧ ਰਹੀ ਹੈ।
ਮੋਗਾ ਜ਼ਿਲ੍ਹੇ ਦੀ ਅਨਮੋਲਪ੍ਰੀਤ ਕੌਰ, ਜੋ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੈ ਅਤੇ ਇੱਕ ਬਾਂਹ ਤੋਂ ਅੰਗਹੀਣ ਵੀ ਹੈ, ਨੇ ਨੀਟ ਪਾਸ ਕਰਕੇ ਏਮਜ਼ ਬਠਿੰਡਾ ਵਿੱਚ ਦਾਖਲਾ ਯਕੀਨੀ ਬਣਾਇਆ ਹੈ। ਸੀਮਤ ਆਮਦਨ ਵਾਲੇ ਪਰਿਵਾਰ ਦੀ ਇਹ ਧੀ ਹੁਣ ਵਜ਼ੀਫ਼ੇ ਜਾਂ ਹੋਰ ਆਰਥਿਕ ਸਹਾਇਤਾ ਦੀ ਉਡੀਕ ਕਰ ਰਹੀ ਹੈ।
ਉਧਰ ਜਲਾਲਾਬਾਦ ਨੇੜਲੇ ਪਿੰਡ ਕੰਨਾਨਾ ਵਾਲੇ ਝੁਗੇ ਦੇ ਵਿਦਿਆਰਥੀ ਪ੍ਰਿੰਸ ਨੂੰ ਪਿਮਸ ਜਲੰਧਰ ਵਿੱਚ ਦਾਖਲਾ ਮਿਲਿਆ ਹੈ, ਪਰ 4.70 ਲੱਖ ਰੁਪਏ ਦੀ ਫੀਸ ਉਸ ਦੇ ਮਜ਼ਦੂਰ ਪਿਤਾ ਲਈ ਵੱਡੀ ਰੁਕਾਵਟ ਬਣ ਗਈ ਹੈ। ਇਸ ਕਾਰਨ ਉਹ ਹੁਣ ਕਿਸੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲੇ ਦੀ ਸੰਭਾਵਨਾ ਲੱਭ ਰਿਹਾ ਹੈ।
ਇਨ੍ਹਾਂ ਵਿਦਿਆਰਥੀਆਂ ਦੀ ਸਫਲਤਾ ਪਿੱਛੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀ ਵੱਡੀ ਭੂਮਿਕਾ ਰਹੀ ਹੈ। ਇਸ ਸਾਲ ਇਨ੍ਹਾਂ ਸਕੂਲਾਂ ਦੇ ਕਰੀਬ 168 ਵਿਦਿਆਰਥੀ ਨੀਟ ਪ੍ਰੀਖਿਆ ਵਿੱਚ ਸਫਲ ਰਹੇ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਪੱਧਰ ’ਤੇ ਵੀ ਵਿਦਿਆਰਥੀਆਂ ਦੀ ਮਦਦ ਲਈ ਯਤਨ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਅਜਿਹੇ ਹੋਣਹਾਰ ਪਰ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਸਿਰਫ਼ ਪੈਸਿਆਂ ਦੀ ਕਮੀ ਕਾਰਨ ਆਪਣੇ ਸੁਪਨੇ ਅਧੂਰੇ ਨਾ ਛੱਡੇ।







