ਮੁਹਾਲੀ Suntec City ਮਾਮਲੇ ’ਚ ਈਡੀ ਦੀ ਕਾਰਵਾਈ, ਅਨੁਰਾਗ ਵਰਮਾ ਤੋਂ ਹੋਈ ਪੁੱਛਗਿੱਛ

Mohali Suntec City Case: ਈਡੀ ਨੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਤੋਂ ਕੀਤੀ ਪੁੱਛਗਿੱਛ

ਚੰਡੀਗੜ੍ਹ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਸੀਨੀਅਰ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਤੋਂ ਮਨੀ ਲਾਂਡਰਿੰਗ ਨਾਲ ਸਬੰਧਤ ਇੱਕ ਮਾਮਲੇ ਵਿੱਚ ਪੁੱਛਗਿੱਛ ਕੀਤੀ ਹੈ। ਇਹ ਜਾਂਚ ਜ਼ਮੀਨ ਦੀ ਵਰਤੋਂ ਤਬਦੀਲ ਕਰਨ (CLU) ਦੀਆਂ ਮਨਜ਼ੂਰੀਆਂ ਦੌਰਾਨ ਕਥਿਤ ਬੇਨਿਯਮੀਆਂ ਅਤੇ ਨਿੱਜੀ ਰੀਅਲ ਅਸਟੇਟ ਪ੍ਰੋਜੈਕਟਾਂ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼ਾਂ ਨਾਲ ਜੁੜੀ ਹੋਈ ਹੈ।

ਮੌਜੂਦਾ ਸਮੇਂ ਵਧੀਕ ਮੁੱਖ ਸਕੱਤਰ (ਮਾਲ) ਵਜੋਂ ਸੇਵਾਵਾਂ ਨਿਭਾ ਰਹੇ ਅਨੁਰਾਗ ਵਰਮਾ ਬੁੱਧਵਾਰ ਨੂੰ ਈਡੀ ਅੱਗੇ ਪੇਸ਼ ਹੋਏ। ਉਨ੍ਹਾਂ ਨੇ ਜਾਂਚ ਦੌਰਾਨ ਕੁਝ ਅਹਿਮ ਦਸਤਾਵੇਜ਼ ਵੀ ਮੁਹੱਈਆ ਕਰਵਾਏ। ਅਧਿਕਾਰੀਆਂ ਅਨੁਸਾਰ ਉਨ੍ਹਾਂ ਦਾ ਬਿਆਨ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਦਰਜ ਕੀਤਾ ਗਿਆ ਹੈ।

1993 ਬੈਚ ਦੇ ਆਈਏਐਸ ਅਧਿਕਾਰੀ ਵਰਮਾ ਪਹਿਲਾਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁਖੀ ਵੀ ਰਹਿ ਚੁੱਕੇ ਹਨ। ਈਡੀ ਦੀ ਜਾਂਚ ਖ਼ਾਸ ਤੌਰ ’ਤੇ ‘ਸਨਟੈਕ ਸਿਟੀ’ ਅਤੇ ‘ਐਲਟਸ ਸਪੇਸ ਬਿਲਡਰ ਪ੍ਰਾਈਵੇਟ ਲਿਮਿਟਡ’ ਵਰਗੇ ਰਿਹਾਇਸ਼ੀ ਪ੍ਰੋਜੈਕਟਾਂ ਦੇ ਲੇਆਉਟ ਨਕਸ਼ਿਆਂ ਵਿੱਚ ਕੀਤੀਆਂ ਤਬਦੀਲੀਆਂ ਅਤੇ CLU ਮਨਜ਼ੂਰੀਆਂ ਨਾਲ ਸਬੰਧਤ ਹੈ।

ਇਹ ਮਾਮਲਾ ਪੰਜਾਬ ਪੁਲੀਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਤੋਂ ਬਾਅਦ ਸਾਹਮਣੇ ਆਇਆ ਸੀ। ਕੁਝ ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਬਿਲਡਰਾਂ ਨੇ CLU ਮਨਜ਼ੂਰੀਆਂ ਹਾਸਲ ਕਰਨ ਲਈ ਉਨ੍ਹਾਂ ਦੇ ਜਾਅਲੀ ਦਸਤਖ਼ਤਾਂ ਨਾਲ ਸਹਿਮਤੀ ਪੱਤਰ ਤਿਆਰ ਕੀਤੇ। ਇਸੇ ਆਧਾਰ ’ਤੇ ਈਡੀ ਨੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ।

ਜਾਂਚ ਦੇ ਸਿਲਸਿਲੇ ਵਿੱਚ ਈਡੀ ਨੇ ਇਸ ਸਾਲ ਮਈ ਅਤੇ ਜੂਨ ਦੌਰਾਨ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ (ICHBS) ਦੇ ਸਕੱਤਰ ਅਤੇ ਰੀਅਲ ਅਸਟੇਟ ਕਾਰੋਬਾਰੀ ਅਜੇ ਸਹਿਗਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਅਨੁਰਾਗ ਵਰਮਾ ਨੂੰ ਪਹਿਲਾਂ 31 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ, ਪਰ ਉਨ੍ਹਾਂ ਵੱਲੋਂ ਹੋਰ ਸਮਾਂ ਮੰਗੇ ਜਾਣ ਮਗਰੋਂ ਈਡੀ ਨੇ ਨਵੀਂ ਤਾਰੀਖ਼ ਤੈਅ ਕੀਤੀ। ਬਾਅਦ ਵਿੱਚ ਸੰਮਨ ਮੁੜ ਜਾਰੀ ਕੀਤੇ ਗਏ ਅਤੇ ਆਖ਼ਰਕਾਰ ਉਹ ਬੁੱਧਵਾਰ ਨੂੰ ਜਾਂਚ ਏਜੰਸੀ ਅੱਗੇ ਪੇਸ਼ ਹੋਏ, ਜਿੱਥੇ ਉਨ੍ਹਾਂ ਤੋਂ ਲੰਬੀ ਪੁੱਛਗਿੱਛ ਕੀਤੀ ਗਈ।