Punjab BJP Yatra: ‘ਨਸ਼ਾ ਮੁਕਤ ਪੰਜਾਬ ਯਾਤਰਾ’ ਰਾਹੀਂ ਭਾਜਪਾ 117 ਹਲਕਿਆਂ ਤੱਕ ਪਹੁੰਚੇਗੀ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੂਬੇ ਵਿੱਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਲਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਐਲਾਨ ਕੀਤਾ ਹੈ। ਇਹ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 30 ਸਤੰਬਰ ਨੂੰ ਜਲੰਧਰ ਵਿਖੇ ਸਮਾਪਤ ਹੋਵੇਗੀ। ਯਾਤਰਾ ਦੀ ਅਗਵਾਈ ਚਾਰ ਵਿਸ਼ੇਸ਼ ਰਥ ਕਰਨਗੇ, ਜੋ ਪੰਜਾਬ ਦੇ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਤੋਂ ਰਵਾਨਾ ਹੋਣਗੇ।
ਭਾਜਪਾ ਦੇ ਕੌਮੀ ਪ੍ਰਧਾਨ 18 ਸਤੰਬਰ ਨੂੰ ਪਠਾਨਕੋਟ ਦੇ ਏਕਤਾ ਸਥਲ ਤੋਂ ਪਹਿਲੇ ਰਥ ਨੂੰ ਹਰੀ ਝੰਡੀ ਦਿਖਾਉਣਗੇ। ਇਸ ਤੋਂ ਬਾਅਦ 19 ਸਤੰਬਰ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ, 20 ਸਤੰਬਰ ਨੂੰ ਸਾਦਕੀ ਬਾਰਡਰ (ਫ਼ਾਜ਼ਿਲਕਾ) ਅਤੇ 21 ਸਤੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਹੋਰ ਯਾਤਰਾਵਾਂ ਦੀ ਸ਼ੁਰੂਆਤ ਹੋਵੇਗੀ। ਚਾਰਾਂ ਯਾਤਰਾਵਾਂ 30 ਸਤੰਬਰ ਨੂੰ ਜਲੰਧਰ ਵਿੱਚ ਇਕੱਠੀਆਂ ਹੋਣਗੀਆਂ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮਾਪਤੀ ਸਮਾਗਮ ਵਿੱਚ ਸ਼ਿਰਕਤ ਕਰਨਗੇ।
ਪਾਰਟੀ ਇਸ ਮੁਹਿੰਮ ਰਾਹੀਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੱਕ ਪਹੁੰਚ ਬਣਾਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਸੂਤਰਾਂ ਅਨੁਸਾਰ ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਸੂਬਾਈ ਇਕਾਈ ਨੂੰ ਹਰ ਹਲਕੇ ਵਿੱਚ ਪੂਰੀ ਤਿਆਰੀ ਕਰਨ ਲਈ ਕਿਹਾ ਹੈ। ਪਾਰਟੀ ਨੇ ਯਾਤਰਾ ਲਈ “ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ” ਸਲੋਗਨ ਅਪਣਾਇਆ ਹੈ ਅਤੇ ਤਿੰਨ ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚਣ ਦਾ ਟੀਚਾ ਰੱਖਿਆ ਹੈ।
ਯਾਤਰਾ ਦੌਰਾਨ ਭਾਜਪਾ ਆਗੂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਭੇਟ ਕਰਨਗੇ। ਇਸ ਵਿੱਚ ਕੇਂਦਰੀ ਮੰਤਰੀਆਂ, ਸੀਨੀਅਰ ਸਿਆਸੀ ਆਗੂਆਂ ਅਤੇ ਫ਼ਿਲਮੀ ਹਸਤੀਆਂ ਦੀ ਸ਼ਮੂਲੀਅਤ ਵੀ ਸੰਭਾਵਿਤ ਹੈ। ਨਸ਼ਿਆਂ ਦੀ ਮਾਰ ਝੱਲ ਰਹੇ ਪਰਿਵਾਰਾਂ ਨੂੰ ਵੀ ਇਸ ਅਭਿਆਨ ਨਾਲ ਜੋੜਨ ਦੀ ਯੋਜਨਾ ਬਣਾਈ ਗਈ ਹੈ।
ਹਰ ਰਥ ’ਤੇ ਨਸ਼ਾ ਵਿਰੋਧੀ ਸੰਦੇਸ਼ ਅਤੇ ਪਾਰਟੀ ਦੇ ਪ੍ਰਮੁੱਖ ਆਗੂਆਂ ਦੀਆਂ ਤਸਵੀਰਾਂ ਹੋਣਗੀਆਂ। ਯਾਤਰਾ ਦੌਰਾਨ ਸੰਕਲਪ ਪੱਤਰ ਵੰਡੇ ਜਾਣਗੇ, ਸਰਕਾਰ ਵਿਰੋਧੀ ਪ੍ਰਚਾਰ ਸਮੱਗਰੀ ਜਨਤਾ ਤੱਕ ਪਹੁੰਚਾਈ ਜਾਵੇਗੀ ਅਤੇ ਨਸ਼ਾ ਛੁਡਾਊ ਕੇਂਦਰਾਂ ਦੇ ਦੌਰੇ ਵੀ ਕੀਤੇ ਜਾਣਗੇ। ਪੂਰੇ ਅਭਿਆਨ ਦੇ ਸੰਚਾਲਨ ਲਈ ਭਾਜਪਾ ਨੇ 30 ਵਿਸ਼ੇਸ਼ ਟੀਮਾਂ ਬਣਾਈਆਂ ਹਨ।
ਨਸ਼ਿਆਂ ਖ਼ਿਲਾਫ਼ ਲੋਕ ਲਹਿਰ ਬਣਾਉਣ ਦਾ ਟੀਚਾ: ਕੇਵਲ ਢਿੱਲੋਂ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਯਾਤਰਾ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਾਜ ਨੂੰ ਇਕੱਠਾ ਕਰਨ ਲਈ ਇੱਕ ਵੱਡਾ ਉਪਰਾਲਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨਸ਼ਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਮੁਹਿੰਮ ਰਾਹੀਂ ਨਸ਼ਿਆਂ ਵਿਰੁੱਧ ਇੱਕ ਵਿਆਪਕ ਜਨ ਅੰਦੋਲਨ ਖੜ੍ਹਾ ਕਰੇਗੀ ਅਤੇ ਸਭ ਤੋਂ ਵੱਧ ਪ੍ਰਭਾਵਿਤ ਪਰਿਵਾਰਾਂ, ਮੁਹੱਲਿਆਂ ਅਤੇ ਪਿੰਡਾਂ ਨੂੰ ਇਸ ਨਾਲ ਜੋੜਿਆ ਜਾਵੇਗਾ।







