ਆਜ਼ਾਦੀ ਦਿਵਸ ਤੋਂ ਪਹਿਲਾਂ ਬਟਾਲਾ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਨਗਰ ਨਿਗਮ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਸੂਚਨਾ ਸਾਹਮਣੇ ਆਈ। ਜਾਣਕਾਰੀ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਨਗਰ ਨਿਗਮ ਵਿੱਚ ਇੱਕ ਅਹਿਮ ਮੀਟਿੰਗ ਚੱਲ ਰਹੀ ਸੀ, ਜਿਸ ਵਿੱਚ ਬਟਾਲਾ ਦੇ ਵਿਧਾਇਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭਰੀ ਈਮੇਲ ਡੀ.ਸੀ. ਦਫ਼ਤਰ ਗੁਰਦਾਸਪੁਰ ਨੂੰ ਭੇਜੀ ਗਈ ਸੀ। ਸੂਚਨਾ ਮਿਲਦੇ ਹੀ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮੀਟਿੰਗ ਹਾਲ ਅਤੇ ਨਗਰ ਨਿਗਮ ਕੰਪਲੈਕਸ ਨੂੰ ਖਾਲੀ ਕਰਵਾ ਦਿੱਤਾ।
ਮੌਕੇ ’ਤੇ ਪੁਲੀਸ ਟੀਮਾਂ ਅਤੇ ਡੌਗ ਸਕੁਐਡ ਨੂੰ ਤਾਇਨਾਤ ਕਰਕੇ ਪੂਰੀ ਇਮਾਰਤ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਸੁਰੱਖਿਆ ਦੇ ਮੱਦੇਨਜ਼ਰ ਦਫ਼ਤਰ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ। ਹਾਲਾਂਕਿ ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ।
ਆਜ਼ਾਦੀ ਦਿਵਸ ਵਿੱਚ ਕੁਝ ਹੀ ਦਿਨ ਬਾਕੀ ਹੋਣ ਕਾਰਨ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧ ਹੋਰ ਕੜੇ ਕਰ ਦਿੱਤੇ ਹਨ। ਬਟਾਲਾ ਵਿੱਚ ਪਿਛਲੇ ਸਮੇਂ ਦੌਰਾਨ ਪੁਲੀਸ ਚੌਕੀ ’ਤੇ ਗ੍ਰਨੇਡ ਹਮਲੇ ਵਰਗੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਏਜੰਸੀਆਂ ਵੱਲੋਂ ਵਧੇਰੇ ਸਾਵਧਾਨੀ ਵਰਤੀ ਜਾ ਰਹੀ ਹੈ।
ਥਾਣਾ ਸਿਟੀ ਦੇ ਮੁਖੀ ਗੁਰਇਕਬਾਲ ਸਿੰਘ ਨੇ ਧਮਕੀ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਵੱਲੋਂ ਦਫ਼ਤਰ ਦੀ ਪੂਰੀ ਤਲਾਸ਼ੀ ਲਈ ਗਈ ਹੈ ਅਤੇ ਹੁਣ ਤੱਕ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਧਮਕੀ ਭੇਜਣ ਵਾਲੇ ਦੀ ਪਛਾਣ ਲਈ ਸਾਈਬਰ ਸੈੱਲ ਦੀ ਮਦਦ ਵੀ ਲਈ ਜਾ ਰਹੀ ਹੈ।







