ਬਾਬਾ ਬਕਾਲਾ ਸਾਹਿਬ ਵਿੱਚ ਸਮਾਗਮਾਂ ਕਾਰਨ ਸਕੂਲਾਂ ਦੀਆਂ ਛੁੱਟੀਆਂ, ਪ੍ਰਸ਼ਾਸਨ ਦੇ ਹੁਕਮ ਜਾਰੀ

ਅੰਮ੍ਰਿਤਸਰ, 25 ਅਗਸਤ: ਰੱਖੜ ਪੁੰਨਿਆ ਦੇ ਸਾਲਾਨਾ ਮੇਲੇ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਵੱਲੋਂ ਬਾਬਾ ਬਕਾਲਾ ਸਾਹਿਬ ਖੇਤਰ ਦੇ 18 ਸਕੂਲਾਂ ਵਿੱਚ 27 ਅਗਸਤ ਤੋਂ 29 ਅਗਸਤ 2026 ਤੱਕ ਛੁੱਟੀਆਂ ਐਲਾਨੀਆਂ ਗਈਆਂ ਹਨ।

ਜਾਰੀ ਹੁਕਮਾਂ ਮੁਤਾਬਕ ਮੇਲੇ ਦੌਰਾਨ ਵਧੇਰੇ ਭੀੜ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਬਣਾਈ ਰੱਖਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਇਸ ਦੌਰਾਨ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਪੜ੍ਹਾਈ ਦਾ ਕੰਮਕਾਜ ਤਿੰਨ ਦਿਨਾਂ ਲਈ ਬੰਦ ਰਹੇਗਾ।

ਛੁੱਟੀਆਂ ਦੇ ਦਾਇਰੇ ਵਿੱਚ ਸਰਕਾਰੀ ਹਾਈ ਸਕੂਲ ਬਾਬਾ ਬਕਾਲਾ, ਦਸਮੇਸ਼ ਪਬਲਿਕ ਸਕੂਲ ਬਾਬਾ ਬਕਾਲਾ, ਸਰਕਾਰੀ ਮਿਡਲ ਸਕੂਲ ਛਾਪਿਆਂਵਾਲੀ, ਸਰਕਾਰੀ ਮਿਡਲ ਸਕੂਲ ਉਮਰਾਂਨੰਗਲ, ਸਰਕਾਰੀ ਮਿਡਲ ਸਕੂਲ ਠੱਠੀਆਂ, ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਅਤੇ ਜੀ.ਟੀ.ਬੀ. ਸਕੂਲ ਸਮੇਤ ਖੇਤਰ ਦੇ ਕੁੱਲ 18 ਸਕੂਲ ਸ਼ਾਮਲ ਹਨ।

ਪ੍ਰਸ਼ਾਸਨ ਨੇ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਰੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਮੇਲੇ ਦੌਰਾਨ ਟ੍ਰੈਫਿਕ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਸਹਿਯੋਗ ਦੇਣ।