ਪੰਜਾਬੀ ਵਰਕਰਾਂ ਲਈ ਰਾਹਤ ਜਾਂ ਚੁਣੌਤੀ? ਨਿਊਜ਼ੀਲੈਂਡ ਨੇ ਬਦਲੇ ਇਮੀਗ੍ਰੇਸ਼ਨ ਨਿਯਮ

New Zealand Immigration Update: ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਨੇ 24 ਅਗਸਤ ਤੋਂ ਲਾਗੂ ਹੋਣ ਵਾਲੇ ਸਕਿਲਡ ਮਾਈਗ੍ਰੈਂਟ ਕੈਟੇਗਰੀ ਰੈਜ਼ੀਡੈਂਟ ਵੀਜ਼ਾ ਅਤੇ ਵਰਕ-ਟੂ-ਰੈਜ਼ੀਡੈਂਸ ਵੀਜ਼ਾ ਨਿਯਮਾਂ ਸਬੰਧੀ ਅੰਤਿਮ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਹ ਤਬਦੀਲੀਆਂ ਖ਼ਾਸ ਤੌਰ ’ਤੇ ਉਨ੍ਹਾਂ ਪੰਜਾਬੀ ਕਾਮਿਆਂ ਲਈ ਅਹਿਮ ਮੰਨੀਆਂ ਜਾ ਰਹੀਆਂ ਹਨ ਜੋ ਨਿਊਜ਼ੀਲੈਂਡ ਵਿੱਚ ਟਰੇਡਜ਼, ਟੈਕਨੀਸ਼ੀਅਨ, ਡੇਅਰੀ, ਉਸਾਰੀ ਅਤੇ ਹੋਰ ਹੁਨਰਮੰਦ ਖੇਤਰਾਂ ਵਿੱਚ ਕੰਮ ਕਰ ਰਹੇ ਹਨ।

ਨਵੇਂ ਨਿਯਮਾਂ ਅਨੁਸਾਰ ਹੁਣ ਜ਼ਿਆਦਾਤਰ ਬਿਨੈਕਾਰਾਂ ਨੂੰ ਰੈਜ਼ੀਡੈਂਸੀ ਲਈ ਸਿਰਫ਼ ਇੱਕ ਹੀ ਉਜਰਤ (ਵੇਜ) ਸੀਮਾ ਪੂਰੀ ਕਰਨੀ ਹੋਵੇਗੀ। ਇਹ ਦਰ ਉਹੀ ਮੰਨੀ ਜਾਵੇਗੀ ਜੋ ਉਨ੍ਹਾਂ ਨੇ ਹੁਨਰਮੰਦ ਕੰਮ ਦਾ ਤਜਰਬਾ ਹਾਸਲ ਕਰਨਾ ਸ਼ੁਰੂ ਕਰਦੇ ਸਮੇਂ ਪੂਰੀ ਕੀਤੀ ਸੀ। ਰਿਹਾਇਸ਼ੀ ਵੀਜ਼ਾ ਲਈ ਅਰਜ਼ੀ ਦੇ ਸਮੇਂ ਲਾਗੂ ਹੋਈ ਵਧੀ ਹੋਈ ਉਜਰਤ ਦਰ ਨੂੰ ਪੂਰਾ ਕਰਨਾ ਲਾਜ਼ਮੀ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਜੇ ਵੀਜ਼ਾ ਮਨਜ਼ੂਰ ਹੋਣ ਅਤੇ ਨੌਕਰੀ ਸ਼ੁਰੂ ਕਰਨ ਦੇ ਵਿਚਕਾਰ ਵੇਜ ਸੀਮਾ ਵਿੱਚ ਵਾਧਾ ਹੋ ਜਾਂਦਾ ਹੈ, ਤਾਂ ਪੰਜ ਮਹੀਨਿਆਂ ਦੀ ਗ੍ਰੇਸ ਪੀਰੀਅਡ ਵੀ ਦਿੱਤੀ ਜਾਵੇਗੀ।

ਇਮੀਗ੍ਰੇਸ਼ਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਪਹਿਲਾਂ ਤੋਂ ਨਿਊਜ਼ੀਲੈਂਡ ਵਿੱਚ ਕੰਮ ਕਰ ਰਹੇ ਅਸਥਾਈ ਵੀਜ਼ਾ ਧਾਰਕਾਂ ਨੂੰ ਵਧੇਰੇ ਸਥਿਰਤਾ ਅਤੇ ਯਕੀਨ ਮਿਲੇਗਾ।

ਯੋਗਤਾਵਾਂ ਦੇ ਸਬੂਤਾਂ ਸਬੰਧੀ ਨਿਯਮ ਵੀ ਸਖ਼ਤ ਕੀਤੇ ਗਏ ਹਨ। ਲੈਵਲ-8 ਜਾਂ ਲੈਵਲ-9 ਯੋਗਤਾਵਾਂ ਦੇ ਆਧਾਰ ’ਤੇ ਅੰਕਾਂ ਦਾ ਦਾਅਵਾ ਕਰਨ ਵਾਲੇ ਬਿਨੈਕਾਰਾਂ ਨੂੰ ਹੁਣ ਬੈਚਲਰ ਜਾਂ ਉਸ ਦੇ ਬਰਾਬਰ ਦੀ ਯੋਗਤਾ ਦਾ ਸਬੂਤ, ਨਾਲ ਹੀ ਸਰਟੀਫਿਕੇਟ ਅਤੇ ਟਰਾਂਸਕ੍ਰਿਪਟ ਜਮ੍ਹਾਂ ਕਰਵਾਉਣੇ ਪੈਣਗੇ। ਹਾਲਾਂਕਿ ਨਿਊਜ਼ੀਲੈਂਡ ਦੀ ਮਾਸਟਰ ਡਿਗਰੀ ਵਾਲੇ ਉਮੀਦਵਾਰਾਂ ਨੂੰ ਇਸ ਸ਼ਰਤ ਤੋਂ ਛੋਟ ਦਿੱਤੀ ਗਈ ਹੈ।

ਟਰੇਡਜ਼ ਅਤੇ ਟੈਕਨੀਸ਼ੀਅਨ ਪਾਥਵੇਅ ਵਿੱਚ ਵਿਦੇਸ਼ੀ ਯੋਗਤਾਵਾਂ ਲਈ 120 ਕ੍ਰੈਡਿਟ ਦੀ ਲਾਜ਼ਮੀ ਸ਼ਰਤ ਖਤਮ ਕਰ ਦਿੱਤੀ ਗਈ ਹੈ। ਫਿਰ ਵੀ ਨਿਊਜ਼ੀਲੈਂਡ ਦੀਆਂ ਯੋਗਤਾਵਾਂ ਲਈ ਘੱਟੋ-ਘੱਟ 120 ਕ੍ਰੈਡਿਟ ਦੀ ਸ਼ਰਤ ਜਾਰੀ ਰਹੇਗੀ। ਇਹ ਤਬਦੀਲੀ ਉਸਾਰੀ, ਨਿਰਮਾਣ ਅਤੇ ਤਕਨੀਕੀ ਖੇਤਰਾਂ ਵਿੱਚ ਕੰਮ ਕਰ ਰਹੇ ਪੰਜਾਬੀ ਵਰਕਰਾਂ ਲਈ ਖਾਸ ਫਾਇਦੇਮੰਦ ਮੰਨੀ ਜਾ ਰਹੀ ਹੈ।

ਨਵੇਂ ਨਿਯਮਾਂ ਤਹਿਤ ਸਵੈ-ਰੁਜ਼ਗਾਰ (Self-Employment) ਨੂੰ ਟਰੇਡਜ਼ ਐਂਡ ਟੈਕਨੀਸ਼ੀਅਨ ਅਤੇ ਸਕਿਲਡ ਵਰਕ ਐਕਸਪੀਰੀਅੰਸ ਪਾਥਵੇਅ ਲਈ ਸੰਬੰਧਿਤ ਕੰਮ ਦੇ ਤਜਰਬੇ ਵਜੋਂ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਹੁਨਰਮੰਦ ਨੌਕਰੀ ਦੀ ਪੇਸ਼ਕਸ਼ ਨੂੰ ਅਸਲ ਅਤੇ ਲਗਾਤਾਰ ਹੋਣਾ ਸਾਬਤ ਕਰਨਾ ਲਾਜ਼ਮੀ ਹੋਵੇਗਾ ਅਤੇ ਇਹ ਵੀ ਦਰਸਾਉਣਾ ਪਵੇਗਾ ਕਿ ਸੰਬੰਧਿਤ ਅਹੁਦਾ ਨਿਊਜ਼ੀਲੈਂਡ ਵਿੱਚ ਹੀ ਅਧਾਰਿਤ ਹੈ।

ਇਹੋ ਜਿਹੇ ਸਰਲ ਉਜਰਤ ਨਿਯਮ ਅਤੇ ਗ੍ਰੇਸ ਪੀਰੀਅਡ ਦੀ ਵਿਵਸਥਾ ਵਰਕ-ਟੂ-ਰੈਜ਼ੀਡੈਂਸ, ਕੇਅਰ ਵਰਕਫੋਰਸ ਅਤੇ ਟਰਾਂਸਪੋਰਟ ਵਰਕ-ਟੂ-ਰੈਜ਼ੀਡੈਂਸ ਵੀਜ਼ਿਆਂ ’ਤੇ ਵੀ ਲਾਗੂ ਰਹੇਗੀ।

ਮੰਨਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਪੰਜਾਬੀ ਪਰਵਾਸੀਆਂ, ਯੋਗਤਾ ਹਾਸਲ ਕਰ ਚੁੱਕੇ ਵਿਦਿਆਰਥੀਆਂ ਅਤੇ ਰੈਜ਼ੀਡੈਂਸੀ ਦੀ ਉਡੀਕ ਕਰ ਰਹੇ ਹੁਨਰਮੰਦ ਕਾਮਿਆਂ ਨੂੰ ਇਨ੍ਹਾਂ ਤਬਦੀਲੀਆਂ ਦਾ ਸਿੱਧਾ ਲਾਭ ਮਿਲੇਗਾ। ਇਮੀਗ੍ਰੇਸ਼ਨ ਵਿਭਾਗ ਨੇ ਬਿਨੈਕਾਰਾਂ ਨੂੰ ਅਪੀਲ ਕੀਤੀ ਹੈ ਕਿ ਅਰਜ਼ੀ ਦੇਣ ਤੋਂ ਪਹਿਲਾਂ ਤਾਜ਼ਾ ਨਿਯਮਾਂ ਅਤੇ ਸ਼ਰਤਾਂ ਦੀ ਪੁਸ਼ਟੀ ਜ਼ਰੂਰ ਕਰ ਲੈਣ।