ਬਰਤਾਨਵੀ ਪੁਲੀਸ ਵੱਲੋਂ ਜਹਾਜ਼ ਹਾਦਸੇ ਦੇ ਪੀੜਤ ਭਾਰਤੀ ਵਿਦਿਆਰਥੀ ਅਤੇ ਪਾਇਲਟ ਦੀ ਪਛਾਣ ਜਾਰੀ

ਪੂਰਬੀ ਇੰਗਲੈਂਡ ਦੇ ਏਸੇਕਸ ਇਲਾਕੇ ਵਿੱਚ ਹੋਏ ਇੱਕ ਦਰਦਨਾਕ ਜਹਾਜ਼ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਦੋ ਵਿਅਕਤੀਆਂ ਦੀ ਪਛਾਣ 24 ਸਾਲਾ ਭਾਰਤੀ ਵਿਦਿਆਰਥੀ ਵਾਮਸ਼ੀ ਮੰਡਲਾ ਅਤੇ 26 ਸਾਲਾ ਭਾਰਤੀ ਮੂਲ ਦੇ ਪਾਇਲਟ ਡਾਇਲਨ ਪਟੇਲ ਵਜੋਂ ਕੀਤੀ ਗਈ ਹੈ। ਦੋਵੇਂ ਇੱਕ ਦੋ-ਸੀਟਾਂ ਵਾਲੇ ਸੇਸਨਾ ਜਹਾਜ਼ ਵਿੱਚ ਸਵਾਰ ਸਨ, ਜੋ ਉਨ੍ਹਾਂ ਨੇ ਕਿਰਾਏ ‘ਤੇ ਲਿਆ ਹੋਇਆ ਸੀ।

30 ਜੂਨ ਨੂੰ ਓਂਗਾਰ ਨੇੜੇ ਵਾਪਰੇ ਇਸ ਹਾਦਸੇ ਦੀ ਜਾਂਚ ਕਰ ਰਹੀ ਏਸੇਕਸ ਪੁਲੀਸ ਨੇ ਦੱਸਿਆ ਕਿ ਪੀੜਤਾਂ ਦੀ ਰਸਮੀ ਪਛਾਣ ਕਰਨ ਦੀ ਲੰਬੀ ਅਤੇ ਜਟਿਲ ਪ੍ਰਕਿਰਿਆ ਹੁਣ ਪੂਰੀ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਵਾਮਸ਼ੀ ਮੰਡਲਾ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਹੋਣ ਦੀ ਖੁਸ਼ੀ ਮਨਾਉਣ ਲਈ ਨਾਰਥ ਵੀਲਡ ਏਅਰਫੀਲਡ ਤੋਂ ਇੱਕ ਤਜਰਬਾਤੀ ਉਡਾਣ ‘ਤੇ ਗਿਆ ਸੀ। ਹਾਲਾਂਕਿ ਉਡਾਣ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਏਸੇਕਸ ਪੁਲੀਸ ਦੇ ਡਿਟੈਕਟਿਵ ਚੀਫ਼ ਸੁਪਰਡੈਂਟ ਮੌਰਗਨ ਕਰੋਨਿਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਦੁਖਦਾਈ ਸਮਾਂ ਹੈ। ਉਨ੍ਹਾਂ ਦੱਸਿਆ ਕਿ ਪਛਾਣ ਦੀ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਸੀ, ਪਰ ਇਸ ਨੂੰ ਪੂਰੀ ਸੰਵੇਦਨਸ਼ੀਲਤਾ ਅਤੇ ਸਨਮਾਨ ਨਾਲ ਅੰਜਾਮ ਦਿੱਤਾ ਗਿਆ।

ਉਨ੍ਹਾਂ ਨੇ ਘਟਨਾ ਸਥਾਨ ‘ਤੇ ਤੁਰੰਤ ਪਹੁੰਚਣ ਵਾਲੀਆਂ ਐਮਰਜੈਂਸੀ ਟੀਮਾਂ ਅਤੇ ਜਾਂਚ ਨਾਲ ਜੁੜੇ ਸਾਰੇ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮ੍ਰਿਤਕਾਂ ਦੀ ਮਾਣ-ਮਰਿਆਦਾ ਦਾ ਪੂਰਾ ਖਿਆਲ ਰੱਖਿਆ।

ਕਰੋਨਿਨ ਨੇ ਇਹ ਵੀ ਦੱਸਿਆ ਕਿ ਏਸੇਕਸ ਪੁਲੀਸ, ਬਰਤਾਨੀਆ ਦੀ ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਬ੍ਰਾਂਚ (AAIB) ਨਾਲ ਮਿਲ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ, ਤਾਂ ਜੋ ਪਰਿਵਾਰਾਂ ਨੂੰ ਇਸ ਦੁਖਦਾਈ ਘਟਨਾ ਬਾਰੇ ਪੂਰੀ ਸੱਚਾਈ ਤੋਂ ਜਾਣੂ ਕਰਵਾਇਆ ਜਾ ਸਕੇ।