ਪੰਜਾਬ ਵਿੱਚ ਭੂ-ਜਲ ਸਥਿਤੀ ਵਿੱਚ ਸੁਧਾਰ, ਕਈ ਬਲਾਕਾਂ ’ਚ ਘਟੀ ਪਾਣੀ ਦੀ ਨਿਕਾਸੀ
ਪੰਜਾਬ ਲਈ ਰਾਹਤ ਭਰੀ ਖ਼ਬਰ ਹੈ ਕਿ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੀ ਬੇਤਹਾਸਾ ਨਿਕਾਸੀ ਦੀ ਰਫ਼ਤਾਰ ਵਿੱਚ ਕੁਝ ਕਮੀ ਦਰਜ ਕੀਤੀ ਗਈ ਹੈ। ਤਾਜ਼ਾ ਅੰਕੜਿਆਂ ਅਨੁਸਾਰ ਕਈ ਬਲਾਕਾਂ ਵਿੱਚ ਭੂ-ਜਲ ਦੀ ਸਥਿਤੀ ਸੁਧਰੀ ਹੈ, ਜਦਕਿ ਚਾਰ ਬਲਾਕ ਹੁਣ ਸੁਰੱਖਿਅਤ ਸ਼੍ਰੇਣੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ 14 ਹੋਰ ਬਲਾਕਾਂ ਦੀ ਸਥਿਤੀ ਵਿੱਚ ਵੀ ਸੁਧਾਰ ਆਉਣ ਕਾਰਨ ਉਨ੍ਹਾਂ ਦੀਆਂ ਸ਼੍ਰੇਣੀਆਂ ਬਦਲੀਆਂ ਗਈਆਂ ਹਨ।
ਕੇਂਦਰੀ ਗਰਾਊਂਡ ਵਾਟਰ ਬੋਰਡ ਦੀ 2026 ਦੀ ਖਰੜਾ ਰਿਪੋਰਟ ਮੁਤਾਬਕ ਪੰਜਾਬ ਵਿੱਚ ਭੂ-ਜਲ ਦੀ ਨਿਕਾਸੀ ਦਰ 2025 ਦੇ 156.36 ਫ਼ੀਸਦੀ ਤੋਂ ਘਟ ਕੇ 2026 ਵਿੱਚ 152.22 ਫ਼ੀਸਦੀ ਰਹਿ ਗਈ ਹੈ। ਚਾਰ ਸਾਲ ਪਹਿਲਾਂ ਇਹ ਅੰਕੜਾ 163.80 ਫ਼ੀਸਦੀ ਸੀ, ਜੋ ਦਰਸਾਉਂਦਾ ਹੈ ਕਿ ਪਾਣੀ ਦੇ ਦੋਹਣ ਦੀ ਦਰ ਵਿੱਚ ਹੌਲੀ-ਹੌਲੀ ਕਮੀ ਆ ਰਹੀ ਹੈ।
ਰਿਪੋਰਟ ਅਨੁਸਾਰ 2021-22 ਵਿੱਚ ਜਿੱਥੇ 28.01 ਅਰਬ ਕਿਊਬਿਕ ਮੀਟਰ ਭੂ-ਜਲ ਦੀ ਵਰਤੋਂ ਕੀਤੀ ਗਈ ਸੀ, ਉੱਥੇ 2026 ਵਿੱਚ ਇਹ ਘਟ ਕੇ 26.32 ਅਰਬ ਕਿਊਬਿਕ ਮੀਟਰ ਰਹਿ ਗਈ। ਫਾਜ਼ਿਲਕਾ ਦਾ ਅਰਨੀਵਾਲਾ, ਫਿਰੋਜ਼ਪੁਰ ਦਾ ਮੱਖੂ, ਹੁਸ਼ਿਆਰਪੁਰ ਦਾ ਹਾਜੀਪੁਰ ਅਤੇ ਪਠਾਨਕੋਟ ਦਾ ਨਰੋਟ ਜੈਮਲ ਸਿੰਘ ਵਾਲਾ ਬਲਾਕ ਹੁਣ ਸੁਰੱਖਿਅਤ ਜ਼ੋਨ ਵਿੱਚ ਆ ਗਏ ਹਨ। ਇਹ ਬਲਾਕ ਪਹਿਲਾਂ ਨੀਮ-ਨਾਜ਼ੁਕ ਸ਼੍ਰੇਣੀ ਵਿੱਚ ਸ਼ਾਮਲ ਸਨ।
ਦੂਜੇ ਪਾਸੇ, ਰੋਪੜ ਬਲਾਕ ਦੀ ਸਥਿਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ ਸੁਰੱਖਿਅਤ ਜ਼ੋਨ ਤੋਂ ਨੀਮ-ਨਾਜ਼ੁਕ ਸ਼੍ਰੇਣੀ ਵਿੱਚ ਚਲਾ ਗਿਆ ਹੈ। ਇਸੇ ਤਰ੍ਹਾਂ ਫਰੀਦਕੋਟ, ਖਰੜ ਅਤੇ ਬਲਾਚੌਰ ਬਲਾਕਾਂ ਵਿੱਚ ਵੀ ਭੂ-ਜਲ ਦੀ ਸਥਿਤੀ ਪਹਿਲਾਂ ਨਾਲੋਂ ਕਮਜ਼ੋਰ ਹੋਈ ਹੈ।
ਭੂ-ਜਲ ਦੀ ਸਥਿਤੀ ਵਿੱਚ ਸੁਧਾਰ ਵਾਲੇ ਬਲਾਕਾਂ ਵਿੱਚ ਫਿਰੋਜ਼ਪੁਰ, ਮਮਦੋਟ, ਗੁਰਦਾਸਪੁਰ, ਕਾਹਨੂੰਵਾਨ, ਸ੍ਰੀ ਹਰਗੋਬਿੰਦਪੁਰ, ਭੂੰਗਾ, ਹੁਸ਼ਿਆਰਪੁਰ-2, ਮਾਹਿਲਪੁਰ, ਕੋਟ ਈਸੇ ਖਾਂ ਅਤੇ ਔੜ ਆਦਿ ਸ਼ਾਮਲ ਹਨ।
ਸੂਬੇ ਦੇ 153 ਬਲਾਕਾਂ ਵਿੱਚੋਂ ਇਸ ਸਮੇਂ 110 ਬਲਾਕ ਅਤਿ-ਸ਼ੋਸ਼ਿਤ, 6 ਨਾਜ਼ੁਕ, 17 ਨੀਮ-ਨਾਜ਼ੁਕ ਅਤੇ 20 ਬਲਾਕ ਸੁਰੱਖਿਅਤ ਸ਼੍ਰੇਣੀ ਵਿੱਚ ਹਨ। 2026 ਦੌਰਾਨ ਪੰਜਾਬ ਵਿੱਚ 26.32 ਅਰਬ ਕਿਊਬਿਕ ਮੀਟਰ ਭੂ-ਜਲ ਦੀ ਵਰਤੋਂ ਹੋਈ, ਜਿਸ ਵਿੱਚੋਂ 24.95 ਅਰਬ ਕਿਊਬਿਕ ਮੀਟਰ ਪਾਣੀ ਖੇਤੀਬਾੜੀ ਲਈ ਅਤੇ 1.38 ਅਰਬ ਕਿਊਬਿਕ ਮੀਟਰ ਪਾਣੀ ਘਰੇਲੂ ਅਤੇ ਉਦਯੋਗਿਕ ਲੋੜਾਂ ਲਈ ਵਰਤਿਆ ਗਿਆ।
ਰਿਪੋਰਟ ਮੁਤਾਬਕ ਸਾਲ 2026 ਵਿੱਚ ਕੁੱਲ 19.14 ਅਰਬ ਕਿਊਬਿਕ ਮੀਟਰ ਪਾਣੀ ਦਾ ਰੀਚਾਰਜ ਹੋਇਆ। ਮੀਂਹ ਰਾਹੀਂ 5.53 ਅਰਬ ਕਿਊਬਿਕ ਮੀਟਰ ਪਾਣੀ ਧਰਤੀ ਹੇਠਾਂ ਗਿਆ, ਜੋ 2025 ਦੇ 5.43 ਅਰਬ ਕਿਊਬਿਕ ਮੀਟਰ ਨਾਲੋਂ ਵੱਧ ਹੈ।
ਜਲ ਸਰੋਤ ਵਿਭਾਗ ਵੱਲੋਂ ਨਹਿਰੀ ਪਾਣੀ ਦੀ ਸਪਲਾਈ ਅਤੇ ਪ੍ਰਬੰਧਨ ਵਿੱਚ ਕੀਤੇ ਗਏ ਸੁਧਾਰਾਂ ਦਾ ਵੀ ਇਸ ਵਿੱਚ ਮਹੱਤਵਪੂਰਨ ਯੋਗਦਾਨ ਮੰਨਿਆ ਜਾ ਰਿਹਾ ਹੈ। ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਨਹਿਰੀ ਪਾਣੀ ਰਾਹੀਂ ਰੀਚਾਰਜ 4.5 ਅਰਬ ਕਿਊਬਿਕ ਮੀਟਰ ਤੋਂ ਵਧ ਕੇ 5.5 ਅਰਬ ਕਿਊਬਿਕ ਮੀਟਰ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਅਤੇ ਅਜਨਾਲਾ ਖੇਤਰਾਂ ਵਿੱਚ ਆਏ ਹੜ੍ਹਾਂ ਨੇ ਵੀ ਭੂ-ਜਲ ਰੀਚਾਰਜ ਵਿੱਚ ਯੋਗਦਾਨ ਪਾਇਆ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਅੰਕੜੇ ਪੰਜਾਬ ਲਈ ਉਤਸ਼ਾਹਜਨਕ ਹਨ, ਪਰ ਭੂ-ਜਲ ਦੀ ਲੰਬੇ ਸਮੇਂ ਲਈ ਸੁਰੱਖਿਆ ਯਕੀਨੀ ਬਣਾਉਣ ਲਈ ਪਾਣੀ ਦੀ ਸੰਭਾਲ ਅਤੇ ਵਿਕਲਪਕ ਸਿੰਚਾਈ ਤਰੀਕਿਆਂ ਨੂੰ ਹੋਰ ਉਤਸ਼ਾਹਿਤ ਕਰਨ ਦੀ ਲੋੜ ਰਹੇਗੀ।






