ਅਮਰੀਕੀ ਟੈਰਿਫਾਂ ਦੇ ਵਿਰੋਧ ’ਚ ਕੈਨੇਡਿਆਈਆਂ ਦਾ ਰੁਝਾਨ ਬਦਲਿਆ, US ਉਤਪਾਦਾਂ ਤੋਂ ਬਣਾਉਣ ਲੱਗੇ ਦੂਰੀ
ਕੈਨੇਡਾ ਦੇ ਇੱਕ ਪ੍ਰਮੁੱਖ ਅਦਾਰੇ ਵੱਲੋਂ ਆਪਣੇ ਪਾਠਕਾਂ ਨਾਲ ਫੋਨ ਅਤੇ ਸਵਾਲ-ਜਵਾਬ ਰਾਹੀਂ ਕੀਤੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਲਗਾਏ ਗਏ ਟੈਰਿਫਾਂ ਦੇ ਵਿਰੋਧ ਵਿੱਚ ਕੈਨੇਡਾ ਦੇ ਵੱਡੀ ਗਿਣਤੀ ਲੋਕ ਅਮਰੀਕੀ ਉਤਪਾਦਾਂ ਦਾ ਬਾਈਕਾਟ ਕਰਨ ਲੱਗੇ ਹਨ। ਇਹ ਰੁਝਾਨ ਸਿਰਫ਼ ਖਰੀਦਦਾਰੀ ਤੱਕ ਸੀਮਤ ਨਹੀਂ ਰਿਹਾ, ਸਗੋਂ ਕਈ ਲੋਕ ਅਮਰੀਕਾ ਦੀ ਯਾਤਰਾ, ਮਨੋਰੰਜਨ ਅਤੇ ਉੱਥੇ ਕੰਮ ਕਰ ਰਹੀਆਂ ਬਹੁਕੌਮੀ ਕੰਪਨੀਆਂ ਤੋਂ ਵੀ ਦੂਰੀ ਬਣਾਉਣ ਲੱਗੇ ਹਨ। ਕੁਝ ਲੋਕਾਂ ਨੇ Amazon ਵਰਗੀਆਂ ਕੰਪਨੀਆਂ ਦਾ ਬਾਈਕਾਟ ਕਰਨ ਦੀ ਗੱਲ ਵੀ ਆਖੀ ਹੈ।
ਸਰਵੇਖਣ ਦੌਰਾਨ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਵਿੱਚ ਸੈਰ-ਸਪਾਟੇ ਨਾਲ ਸਬੰਧਤ ਪਹਿਲਾਂ ਕਰਵਾਈਆਂ ਬੁਕਿੰਗਾਂ ਵੀ ਰੱਦ ਕਰ ਦਿੱਤੀਆਂ, ਤਾਂ ਜੋ ਅਮਰੀਕੀ ਅਰਥਵਿਵਸਥਾ ’ਤੇ ਆਪਣੇ ਪੱਧਰ ’ਤੇ ਪ੍ਰਭਾਵ ਪਾਇਆ ਜਾ ਸਕੇ। ਹਾਲਾਂਕਿ ਕੁਝ ਲੋਕ ਇਸ ਰੁਝਾਨ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕੀ ਸਰਕਾਰ ਦੀਆਂ ਨੀਤੀਆਂ ਦੀ ਸਜ਼ਾ ਉੱਥੋਂ ਦੇ ਉਤਪਾਦਕਾਂ ਅਤੇ ਕਾਰੋਬਾਰੀਆਂ ਨੂੰ ਦੇਣਾ ਠੀਕ ਨਹੀਂ ਹੋਵੇਗਾ।
ਕਈ ਕੈਨੇਡਿਆਈਆਂ ਨੇ ਕਿਹਾ ਕਿ ਭਾਵੇਂ ਕੁਝ ਅਮਰੀਕੀ ਵਸਤਾਂ ਕੈਨੇਡਾ ਵਿੱਚ ਸਸਤੀਆਂ ਮਿਲਦੀਆਂ ਹਨ, ਫਿਰ ਵੀ ਉਹ ਇਨ੍ਹਾਂ ਨੂੰ ਖਰੀਦਣ ਦੀ ਬਜਾਏ ਸਥਾਨਕ ਜਾਂ ਹੋਰ ਵਿਕਲਪਾਂ ਨੂੰ ਤਰਜੀਹ ਦੇ ਰਹੇ ਹਨ। ਕੁਝ ਲੋਕਾਂ ਨੇ ਇਸ ਨੂੰ ਦੇਸ਼ ਭਗਤੀ ਨਾਲ ਜੋੜਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਅਮਰੀਕੀ ਉਤਪਾਦਾਂ ਦਾ ਬਾਈਕਾਟ ਕਰਨਾ ਜ਼ਰੂਰੀ ਹੈ।
ਕੁਝ ਕੈਨੇਡਿਆਈ ਨਾਗਰਿਕਾਂ ਨੇ ਅਮਰੀਕੀ ਰਾਸ਼ਟਰਪਤੀ ਦੇ ਕੈਨੇਡਾ ਪ੍ਰਤੀ ਰਵੱਈਏ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਅਮਰੀਕੀ ਉਤਪਾਦਾਂ ਦਾ ਬਾਈਕਾਟ ਕਰਕੇ ਉੱਥੋਂ ਦੇ ਕਾਰੋਬਾਰੀਆਂ ਤੱਕ ਆਪਣਾ ਵਿਰੋਧ ਪਹੁੰਚਾਉਣਾ ਚਾਹੁੰਦੇ ਹਨ। ਕੁਝ ਲੋਕਾਂ ਨੇ ਖ਼ਾਸ ਤੌਰ ’ਤੇ ਉਸ ਬਿਆਨ ’ਤੇ ਇਤਰਾਜ਼ ਕੀਤਾ, ਜਿਸ ਵਿੱਚ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਕੀਤੀ ਗਈ ਸੀ।
ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਹਿੱਸੇ ਵਿੱਚ ਸਥਿਤ ਸਿਮੀਕਮੀਨ ਵੈਲੀ ਦੀ ਰਹਿਣ ਵਾਲੀ ਸਾਰਾ ਕਰੌਕੈਟ ਨੇ ਕਿਹਾ ਕਿ ਉਹ ਜ਼ਰੂਰਤ ਪੈਣ ’ਤੇ ਕਿਸੇ ਰਸੋਈ ਦੀ ਵਸਤੂ ਤੋਂ ਬਿਨਾਂ ਗੁਜ਼ਾਰਾ ਕਰ ਸਕਦੀ ਹੈ, ਪਰ ਅਮਰੀਕੀ ਉਤਪਾਦ ਖਰੀਦਣ ਤੋਂ ਪਰਹੇਜ਼ ਕਰਦੀ ਹੈ। ਇੱਕ ਹੋਰ ਔਰਤ ਨੇ ਦੱਸਿਆ ਕਿ ਗਲਤੀ ਨਾਲ ਅਮਰੀਕੀ ਉਤਪਾਦ ਖਰੀਦ ਲਿਆਉਣ ਤੋਂ ਬਾਅਦ ਉਸ ਨੇ ਇਸ ਦੀ ਪਛਾਣ ਹੋਣ ’ਤੇ ਤੁਰੰਤ ਸਟੋਰ ’ਤੇ ਵਾਪਸ ਕਰ ਦਿੱਤਾ।
ਇੱਕ ਹੋਰ ਪਾਠਕ ਨੇ ਦੱਸਿਆ ਕਿ ਅਮਰੀਕੀ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਉਸ ਦੇ ਪਰਿਵਾਰ ਨੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਵੀ ਬਦਲਾਅ ਕੀਤਾ ਹੈ।
ਇਸੇ ਦੌਰਾਨ ‘ਟ੍ਰਿਬਿਊਨ ਗਰੁੱਪ’ ਵੱਲੋਂ ਐਤਵਾਰ ਨੂੰ ਕੈਨੇਡਾ ਵਿੱਚ ਰਹਿੰਦੇ ਕੁਝ ਪਾਠਕਾਂ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਦੇ ਵਿਚਾਰ ਵੀ ਵੱਡੇ ਪੱਧਰ ’ਤੇ ਸਰਵੇਖਣ ਵਿੱਚ ਸਾਹਮਣੇ ਆਏ ਰੁਝਾਨਾਂ ਨਾਲ ਮਿਲਦੇ-ਜੁਲਦੇ ਰਹੇ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹ ਅਮਰੀਕਾ ਵਰਗੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਇਸ ਤਰ੍ਹਾਂ ਦੇ ਬਿਆਨਾਂ ਦੀ ਉਮੀਦ ਨਹੀਂ ਕਰਦੇ ਸਨ। ਕੁਝ ਲੋਕਾਂ ਨੇ ਕਿਹਾ ਕਿ ਅਜਿਹੇ ਬਿਆਨ ਪਹਿਲੀ ਵਾਰ ਸੁਣਨ ’ਤੇ ਉਨ੍ਹਾਂ ਨੂੰ ਮਜ਼ਾਕ ਜਿਹੇ ਲੱਗੇ, ਪਰ ਬਾਅਦ ਵਿੱਚ ਇਨ੍ਹਾਂ ਨੂੰ ਲੈ ਕੇ ਗੰਭੀਰਤਾ ਨਾਲ ਸੋਚਣਾ ਪਿਆ।






