ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 15 ਸਤੰਬਰ ਇਹ ਦੁਕਾਨਾਂ ਰਹਿਣਗੀਆਂ ਬੰਦ

ਨਵਾਂਸ਼ਹਿਰ ਜ਼ਿਲ੍ਹੇ ਵਿੱਚ 15 ਸਤੰਬਰ 2026, ਮੰਗਲਵਾਰ ਨੂੰ ਸੰਵਤਸਰੀ ਤਿਉਹਾਰ ਦੇ ਮੱਦੇਨਜ਼ਰ ਮੀਟ ਅਤੇ ਆਂਡਿਆਂ ਦੀ ਵਿਕਰੀ ’ਤੇ ਪਾਬੰਦੀ ਰਹੇਗੀ। ਇਸ ਦੌਰਾਨ ਜ਼ਿਲ੍ਹੇ ਦੀ ਹਦੂਦ ਅੰਦਰ ਮੀਟ ਅਤੇ ਆਂਡਿਆਂ ਦੀਆਂ ਸਾਰੀਆਂ ਦੁਕਾਨਾਂ ਸਮੇਤ ਸਲਾਟਰ ਹਾਊਸ ਵੀ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਜ਼ਿਲ੍ਹਾ ਮੈਜਿਸਟਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਆਦੇਸ਼ ਜਾਰੀ ਕੀਤਾ ਹੈ। ਇਹ ਹੁਕਮ ਪੂਰੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਲਾਗੂ ਰਹੇਗਾ।

ਐਸ.ਐਸ. ਜੈਨ ਸਭਾ ਦੀ ਮੰਗ ’ਤੇ ਲਿਆ ਫੈਸਲਾ

ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਐਸ.ਐਸ. ਜੈਨ ਸਭਾ (ਰਜਿ.), ਨਵਾਂਸ਼ਹਿਰ ਵੱਲੋਂ ਕੀਤੀ ਗਈ ਬੇਨਤੀ ਤੋਂ ਬਾਅਦ ਕੀਤੀ ਗਈ ਹੈ। ਸਭਾ ਨੇ ਸੰਵਤਸਰੀ ਦੇ ਪਵਿੱਤਰ ਦਿਹਾੜੇ ਨੂੰ ਜੈਨ ਧਰਮ ਦੀਆਂ ਧਾਰਮਿਕ ਮਾਨਤਾਵਾਂ ਅਨੁਸਾਰ ਸ਼ਰਧਾ ਅਤੇ ‘ਅਹਿੰਸਾ ਦਿਵਸ’ ਵਜੋਂ ਮਨਾਉਣ ਲਈ ਮੀਟ ਅਤੇ ਆਂਡਿਆਂ ਦੀ ਵਿਕਰੀ ਬੰਦ ਕਰਵਾਉਣ ਦੀ ਮੰਗ ਕੀਤੀ ਸੀ।

ਅਹਿੰਸਾ ਅਤੇ ਆਤਮ-ਚਿੰਤਨ ਨਾਲ ਜੁੜਿਆ ਪਵਿੱਤਰ ਦਿਹਾੜਾ

ਸੰਵਤਸਰੀ ਜੈਨ ਧਰਮ ਦੇ ਪ੍ਰਮੁੱਖ ਅਤੇ ਪਵਿੱਤਰ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਦਿਹਾੜਾ ਅਹਿੰਸਾ, ਆਤਮ-ਚਿੰਤਨ, ਖਿਮਾ ਅਤੇ ਧਾਰਮਿਕ ਸ਼ਰਧਾ ਨਾਲ ਜੋੜਿਆ ਜਾਂਦਾ ਹੈ। ਇਸੇ ਧਾਰਮਿਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਸਤੰਬਰ ਨੂੰ ਮੀਟ-ਆਂਡੇ ਦੀਆਂ ਦੁਕਾਨਾਂ ਅਤੇ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।