ਪੰਜਾਬ ਦੇ ਅਨਾਜ ਭੰਡਾਰ ਖਾਲੀ ਕਰਨ ਲਈ ਕੇਂਦਰ ਤੁਰੰਤ ਕਦਮ ਚੁੱਕੇ: ਭਗਵੰਤ ਮਾਨ

ਝੋਨੇ ਦੀ ਖ਼ਰੀਦ ਤੋਂ ਪਹਿਲਾਂ ਪੰਜਾਬ ਦੇ ਭੰਡਾਰਾਂ ’ਚੋਂ ਅਨਾਜ ਦੀ ਚੁਕਾਈ ਤੇਜ਼ ਕਰਨ ਦੀ ਮੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਚਾਲੂ ਖ਼ਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਤੋਂ ਬਚਾਉਣ ਲਈ ਕੇਂਦਰ ਸਰਕਾਰ ਨੂੰ ਸੂਬੇ ਦੇ ਅਨਾਜ ਭੰਡਾਰਾਂ ਵਿੱਚੋਂ ਅਨਾਜ ਦੀ ਤੁਰੰਤ ਚੁਕਾਈ ਕਰਨ ਦੀ ਅਪੀਲ ਕੀਤੀ ਹੈ। ਸੂਬੇ ਵਿੱਚ 1 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ, ਜਦਕਿ ਦੂਜੇ ਪਾਸੇ ਗੁਦਾਮਾਂ ਅਤੇ ਸ਼ੈਲਰਾਂ ਵਿੱਚ ਪਹਿਲਾਂ ਤੋਂ ਹੀ ਵੱਡੀ ਮਾਤਰਾ ਵਿੱਚ ਅਨਾਜ ਮੌਜੂਦ ਹੈ।

ਮੁੱਖ ਮੰਤਰੀ ਮਾਨ ਨੇ ਕੇਂਦਰੀ ਖ਼ਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮੰਡੀਆਂ ਵਿੱਚ ਨਵੀਂ ਫ਼ਸਲ ਦੇ ਭੰਡਾਰਨ ਲਈ ਲੋੜੀਂਦੀ ਥਾਂ ਯਕੀਨੀ ਬਣਾਈ ਜਾਵੇ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚੋਂ 10 ਅਕਤੂਬਰ ਤੱਕ 6 ਲੱਖ ਟਨ ਚੌਲ ਅਤੇ ਅਕਤੂਬਰ ਮਹੀਨੇ ਦੌਰਾਨ 15 ਲੱਖ ਟਨ ਕਣਕ ਦੀ ਚੁਕਾਈ ਕੀਤੀ ਜਾਵੇ। ਉਨ੍ਹਾਂ ਮੁਤਾਬਕ ਇਸ ਸਮੇਂ ਸ਼ੈਲਰਾਂ ਵਿੱਚ ਕਰੀਬ 40 ਲੱਖ ਟਨ ਕਣਕ ਮੌਜੂਦ ਹੈ।

ਮੁੱਖ ਮੰਤਰੀ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਨਾਜ ਦੀ ਚੁਕਾਈ ਸਬੰਧੀ ਕੇਂਦਰ ਸਰਕਾਰ ਨੂੰ ਪਹਿਲਾਂ ਵੀ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ। ਸੂਬੇ ਨੇ ਸਤੰਬਰ 2026 ਦੌਰਾਨ 15 ਲੱਖ ਟਨ ਚੌਲ ਅਤੇ 10 ਤੋਂ 12 ਲੱਖ ਟਨ ਕਣਕ ਚੁੱਕਣ ਦੀ ਮੰਗ ਕੀਤੀ ਸੀ, ਤਾਂ ਜੋ 2025-26 ਦੇ ਖ਼ਰੀਦ ਸੀਜ਼ਨ ਦੇ ਚੌਲਾਂ ਦੀ ਡਿਲਿਵਰੀ ਪੂਰੀ ਹੋ ਸਕੇ ਅਤੇ ਨਵੇਂ ਖ਼ਰੀਦ ਸੀਜ਼ਨ ਤੋਂ ਪਹਿਲਾਂ ਸ਼ੈਲਰਾਂ ਵਿੱਚ ਪਈ ਕਣਕ ਨੂੰ ਵੀ ਹਟਾਇਆ ਜਾ ਸਕੇ।

ਪੱਤਰ ਵਿੱਚ ਦਿੱਤੇ ਵੇਰਵਿਆਂ ਅਨੁਸਾਰ 1 ਤੋਂ 29 ਸਤੰਬਰ 2026 ਤੱਕ ਪੰਜਾਬ ਵਿੱਚੋਂ ਸਿਰਫ਼ 8.3 ਲੱਖ ਟਨ ਚੌਲ ਅਤੇ 4.3 ਲੱਖ ਟਨ ਕਣਕ ਦੀ ਹੀ ਚੁਕਾਈ ਹੋਈ ਹੈ। ਭਾਰਤੀ ਖ਼ੁਰਾਕ ਨਿਗਮ ਕੋਲ ਭੰਡਾਰਨ ਲਈ ਥਾਂ ਦੀ ਕਮੀ ਕਾਰਨ ਸਾਉਣੀ ਮਾਰਕੀਟਿੰਗ ਸੀਜ਼ਨ 2025-26 ਦੇ ਕਸਟਮ ਮਿਲਡ ਚੌਲਾਂ ਦੀ 105.64 ਲੱਖ ਟਨ ਦੀ ਨਿਰਧਾਰਤ ਮਾਤਰਾ ਵਿੱਚੋਂ ਸਤੰਬਰ ਦੇ ਅੰਤ ਤੱਕ 99.50 ਲੱਖ ਟਨ ਚੌਲ ਹੀ ਡਿਲਿਵਰ ਕੀਤੇ ਜਾ ਸਕੇ ਹਨ। ਕਰੀਬ 6 ਲੱਖ ਟਨ ਚੌਲਾਂ ਦੀ ਡਿਲਿਵਰੀ ਹਾਲੇ ਬਾਕੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ 10 ਅਕਤੂਬਰ ਦੇ ਆਸ-ਪਾਸ ਪੰਜਾਬ ਵਿੱਚ ਝੋਨੇ ਦੀ ਆਮਦ ਤੇਜ਼ ਹੋਣ ਦੀ ਉਮੀਦ ਹੈ। ਅਜਿਹੇ ਵਿੱਚ ਬਕਾਇਆ ਚੌਲਾਂ ਦੀ ਡਿਲਿਵਰੀ ਵੀ ਜਲਦ ਪੂਰੀ ਕਰਨੀ ਜ਼ਰੂਰੀ ਹੈ, ਤਾਂ ਜੋ ਨਵੀਂ ਫ਼ਸਲ ਦੇ ਭੰਡਾਰਨ ਲਈ ਲੋੜੀਂਦੀ ਥਾਂ ਬਣ ਸਕੇ।

ਉਨ੍ਹਾਂ ਪੱਤਰ ਵਿੱਚ ਇਹ ਵੀ ਦੱਸਿਆ ਕਿ ਚੌਲ ਮਿੱਲ ਮਾਲਕਾਂ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਜੇਕਰ ਚੌਲਾਂ ਦੀ ਡਿਲਿਵਰੀ ਦਾ ਕੰਮ 15 ਅਕਤੂਬਰ ਤੋਂ ਬਾਅਦ ਤੱਕ ਲਟਕਦਾ ਹੈ ਤਾਂ ਸ਼ੈਲਰ ਮਾਲਕ ਨਵੀਂ ਫ਼ਸਲ ਨੂੰ ਸਟੋਰ ਕਰਨ ਲਈ ਅੱਗੇ ਆਉਣ ਤੋਂ ਝਿਜਕ ਸਕਦੇ ਹਨ। ਇਸ ਦੇ ਨਾਲ ਹੀ ਅਨਾਜ ਦੀ ਸਮੇਂ ਸਿਰ ਚੁਕਾਈ ਨਾ ਹੋਣ ਕਾਰਨ ਕਿਸਾਨਾਂ ਵਿੱਚ ਵੀ ਚਿੰਤਾ ਪਾਈ ਜਾ ਰਹੀ ਹੈ।