ਪੰਜਾਬ ‘ਚ ਭਾਰੀ ਮੀਂਹ, ਇਨ੍ਹਾਂ ਇਲਾਕਿਆਂ ‘ਚ ਸਾਵਧਾਨੀ ਦੀ ਸਲਾਹ

ਭਾਰਤੀ ਮੌਸਮ ਵਿਭਾਗ (IMD) ਨੇ 30 ਜੁਲਾਈ ਤੱਕ ਪੰਜਾਬ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਮੁਤਾਬਕ 25 ਜੁਲਾਈ ਅਤੇ ਫਿਰ 28 ਤੋਂ 30 ਜੁਲਾਈ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਉਮੀਦ ਹੈ। 25, 27 ਅਤੇ 30 ਜੁਲਾਈ ਲਈ ਕੁਝ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 28 ਅਤੇ 29 ਜੁਲਾਈ ਨੂੰ ਕਈ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਕਾਰਨ ਓਰੈਂਜ ਅਲਰਟ ਲਾਗੂ ਕੀਤਾ ਗਿਆ ਹੈ।

ਮੌਸਮ ਵਿਭਾਗ ਦੇ ਅਨੁਸਾਰ ਇਸ ਵੇਲੇ ਮਾਨਸੂਨ ਦੀ ਟਰਫ਼ ਲਾਈਨ ਆਪਣੀ ਆਮ ਸਥਿਤੀ ਤੋਂ ਦੱਖਣ ਵੱਲ ਸਰਗਰਮ ਹੈ। ਇਸ ਦੇ ਨਾਲ ਹੀ ਦੱਖਣ-ਪੂਰਬੀ ਰਾਜਸਥਾਨ ਤੋਂ ਜੰਮੂ ਤੱਕ ਇੱਕ ਹੋਰ ਟਰਫ਼ ਬਣੀ ਹੋਈ ਹੈ ਅਤੇ ਮੱਧ ਪਾਕਿਸਤਾਨ ਉੱਪਰ ਪੱਛਮੀ ਗੜਬੜੀ ਵੀ ਪ੍ਰਭਾਵਸ਼ਾਲੀ ਹੈ। ਇਨ੍ਹਾਂ ਮੌਸਮੀ ਹਾਲਾਤਾਂ ਦੇ ਕਾਰਨ ਪੰਜਾਬ ਸਮੇਤ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ 30 ਜੁਲਾਈ ਤੱਕ ਗਰਜ-ਚਮਕ, ਬਿਜਲੀ ਕੜਕਣ ਅਤੇ ਲਗਭਗ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਵਿਆਪਕ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਬਹੁਤ ਭਾਰੀ ਬਾਰਿਸ਼ ਵੀ ਹੋ ਸਕਦੀ ਹੈ।

ਇਸ ਤੋਂ ਇਲਾਵਾ, ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਓਡੀਸ਼ਾ ਅਤੇ ਅਰੁਣਾਚਲ ਪ੍ਰਦੇਸ਼ ਸਮੇਤ 17 ਰਾਜਾਂ ਲਈ ਵੀ ਭਾਰੀ ਮੀਂਹ, ਤੇਜ਼ ਆੰਧੀ ਅਤੇ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਹੈ। ਕਈ ਖੇਤਰਾਂ ਵਿੱਚ 60 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਨਾਲ ਹੀ ਪਹਾੜੀ ਇਲਾਕਿਆਂ ਵਿੱਚ ਭੂ-ਖਿਸਕਣ ਅਤੇ ਮੈਦਾਨੀ ਖੇਤਰਾਂ ਵਿੱਚ ਜਲਭਰਾਅ ਦੀ ਸਥਿਤੀ ਬਣ ਸਕਦੀ ਹੈ, ਜਿਸ ਨੂੰ ਲੈ ਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।