ਨਿਊਜ਼ੀਲੈਂਡ ‘ਚ ਸੜਕ ਹਾਦਸੇ ਦੌਰਾਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ
ਇੰਟਰਨੈਸ਼ਨਲ ਡੈਸਕ- ਨਿਊਜ਼ੀਲੈਂਡ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੀਵਾਲੀ ਦੀ ਰਾਤ ਦੱਖਣੀ ਆਕਲੈਂਡ ਦੇ ਟਾਕਾਨੀਨੀ ਇਲਾਕੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ। ਮ੍ਰਿਤਕਾਂ ਵਿੱਚ ਦੋ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇਹ ਹਾਦਸਾ ਐਤਵਾਰ ਰਾਤ ਕਰੀਬ 10:15 ਵਜੇ ਵਾਪਰਿਆ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ‘ਬਰਗਰ ਫਿਊਲ’ ਰੈਸਟੋਰੈਂਟ ਵਿੱਚ ਜਾ ਵੜੀ।
ਮੁੱਢਲੀ ਜਾਣਕਾਰੀ ਅਨੁਸਾਰ ‘ਗ੍ਰੇਟ ਸਾਊਥ ਰੋਡ’ ਉੱਤੇ ਸਥਿਤ ਗੋਲ ਚੱਕਰ ਨੇੜੇ ਡਰਾਈਵਰ ਵਾਹਨ ਤੋਂ ਆਪਣਾ ਸੰਤੁਲਨ ਗੁਆ ਬੈਠਾ। ਇਸ ਤੋਂ ਬਾਅਦ ਕਾਰ ਸੜਕ ਤੋਂ ਬਾਹਰ ਨਿਕਲ ਗਈ ਅਤੇ ਧਾਤ ਦੀ ਵਾੜ ਨੂੰ ਤੋੜਦੀ ਹੋਈ ਸਿੱਧੀ ਰੈਸਟੋਰੈਂਟ ਦੇ ਅੰਦਰ ਜਾ ਟਕਰਾਈ।
ਪੁਲਸ ਅਧਿਕਾਰੀਆਂ ਮੁਤਾਬਕ ਕਾਰ ਵਿੱਚ ਸਵਾਰ ਤਿੰਨੋਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਸਮੇਂ ਰੈਸਟੋਰੈਂਟ ਵਿੱਚ ਮੌਜੂਦ ਕਿਸੇ ਵੀ ਕਰਮਚਾਰੀ ਨੂੰ ਸੱਟ ਨਹੀਂ ਲੱਗੀ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਨਿਊਜ਼ੀਲੈਂਡ ਪੁਲਸ ਦੀ ‘ਸੀਰੀਅਸ ਕਰੈਸ਼ ਯੂਨਿਟ’ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਹਾਦਸੇ ਤੋਂ ਪਹਿਲਾਂ ਵਾਹਨ ਦੀ ਡਰਾਈਵਿੰਗ ਬਾਰੇ ਕੋਈ ਸ਼ਿਕਾਇਤ ਦਰਜ ਨਹੀਂ ਹੋਈ ਸੀ। ਇਸ ਤੋਂ ਇਲਾਵਾ ਕਾਰ ਦੇ ਚੋਰੀ ਹੋਣ ਦੀ ਕੋਈ ਰਿਪੋਰਟ ਵੀ ਨਹੀਂ ਸੀ ਅਤੇ ਨਾ ਹੀ ਪੁਲਸ ਵੱਲੋਂ ਹਾਦਸੇ ਸਮੇਂ ਇਸ ਗੱਡੀ ਦਾ ਪਿੱਛਾ ਕੀਤਾ ਜਾ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਰੈਸਟੋਰੈਂਟ ਗਾਹਕਾਂ ਲਈ ਬੰਦ ਸੀ, ਪਰ ਅੰਦਰ ਕੁਝ ਕਰਮਚਾਰੀ ਮੌਜੂਦ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੈਸਟੋਰੈਂਟ ਦੇ ਅੰਦਰਲਾ ਸਾਮਾਨ ਬੁਰੀ ਤਰ੍ਹਾਂ ਖਿੱਲਰ ਗਿਆ। ਮੇਜ਼ ਟੁੱਟ ਕੇ ਇੱਧਰ-ਉੱਧਰ ਪਏ ਸਨ ਅਤੇ ਫਰਸ਼ ‘ਤੇ ਕੱਚ ਦੇ ਟੁਕੜੇ ਫੈਲੇ ਹੋਏ ਸਨ। ਕਾਰ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ ਅਤੇ ਇਮਾਰਤ ਦੇ ਨਾਲ ਇੱਕ ਪਾਸੇ ਝੁਕੀ ਹੋਈ ਸੀ। ਵਾੜ ਦੇ ਧਾਤੂ ਹਿੱਸੇ ਵੀ ਟੁੱਟ ਕੇ ਮਲਬੇ ਵਿੱਚ ਖਿੱਲਰੇ ਪਏ ਸਨ।
ਇਸ ਸਬੰਧੀ ਕੰਪਨੀ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਉਨ੍ਹਾਂ ਦੇ ਕਿਸੇ ਵੀ ਸਟਾਫ ਮੈਂਬਰ ਨੂੰ ਸੱਟ ਨਹੀਂ ਲੱਗੀ। ਕੰਪਨੀ ਵੱਲੋਂ ਫਰੈਂਚਾਈਜ਼ੀ ਮਾਲਕਾਂ ਅਤੇ ਕਰਮਚਾਰੀਆਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
ਉੱਧਰ, ‘ਸੈਂਟਰਲ ਸਿੱਖ ਐਸੋਸੀਏਸ਼ਨ’ ਅਤੇ ‘ਸੁਪਰੀਮ ਸਿੱਖ ਸੁਸਾਇਟੀ’ ਦੇ ਪ੍ਰਧਾਨ ਦਲਜੀਤ ਸਿੰਘ ਨੇ ਵੀ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਤਿੰਨੋਂ ਵਿਅਕਤੀ ਭਾਰਤੀ ਮੂਲ ਦੇ ਸਨ ਅਤੇ ਪੰਜਾਬ ਨਾਲ ਸਬੰਧਤ ਸਨ।
ਦਲਜੀਤ ਸਿੰਘ ਅਨੁਸਾਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਦੇਹਾਂ ਭਾਰਤ ਲਿਆਉਣਾ ਚਾਹੁੰਦੇ ਹਨ। ਇਸ ਲਈ ਸਿੱਖ ਭਾਈਚਾਰੇ ਦੇ ਨੁਮਾਇੰਦੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜਤਾਉਂਦਿਆਂ ਕਿਹਾ ਕਿ ਪਰਿਵਾਰਾਂ ਦੀ ਇੱਛਾ ਅਨੁਸਾਰ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾਣਗੇ। ਹਾਲਾਂਕਿ, ਉਨ੍ਹਾਂ ਨੇ ਫਿਲਹਾਲ ਮ੍ਰਿਤਕਾਂ ਦੀ ਪਛਾਣ ਜਾਂ ਹੋਰ ਨਿੱਜੀ ਵੇਰਵੇ ਸਾਂਝੇ ਕਰਨ ਤੋਂ ਗੁਰੇਜ਼ ਕੀਤਾ ਹੈ।







