ਨਸ਼ਾ ਤਸਕਰੀ ’ਤੇ ਰਾਘਵ ਚੱਢਾ ਦਾ ਵੱਡਾ ਬਿਆਨ, ਕਿਹਾ- ਪੰਜਾਬ ’ਚ ਹੋ ਰਹੀ ਹੋਮ ਡਿਲਿਵਰੀ

ਪੰਜਾਬ ’ਚ ਨਸ਼ਿਆਂ ਦੀ ਹੋਮ ਡਿਲਿਵਰੀ ਦਾ ਦਾਅਵਾ, ਰਾਘਵ ਚੱਢਾ ਨੇ ‘ਆਪ’ ਸਰਕਾਰ ਨੂੰ ਘੇਰਿਆ

ਚੰਡੀਗੜ੍ਹ: ਭਾਜਪਾ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ‘ਚਿੱਟੇ’ ਦੀ ਹੋਮ ਡਿਲਿਵਰੀ ਤੋਂ ਇਲਾਵਾ ਆਨਲਾਈਨ ਡਿਲਿਵਰੀ ਵੀ ਹੋਣ ਲੱਗੀ ਹੈ। ਚੱਢਾ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਡੇਢ ਦਹਾਕੇ ਤੋਂ ਨਸ਼ਿਆਂ ਦੀ ਸਮੱਸਿਆ ਬਣੀ ਹੋਈ ਹੈ ਅਤੇ ਮੌਜੂਦਾ ਦੌਰ ਵਿੱਚ ਇਹ ਸੰਕਟ ਹੋਰ ਗੰਭੀਰ ਹੋਣ ਦਾ ਦਾਅਵਾ ਕੀਤਾ।

ਚੱਢਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਜਿਸ ਤਰ੍ਹਾਂ ਲੋਕ ਰਾਸ਼ਨ ਲੈਣ ਲਈ ਕਤਾਰਾਂ ਵਿੱਚ ਖੜ੍ਹਦੇ ਹਨ, ਉਸੇ ਤਰ੍ਹਾਂ ਨਸ਼ਾ ਖਰੀਦਣ ਲਈ ਵੀ ਕਤਾਰਾਂ ਲੱਗਣ ਦੀ ਨੌਬਤ ਆ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਗਲੀ-ਮੁਹੱਲਿਆਂ ਤੋਂ ਲੈ ਕੇ ਪਿੰਡਾਂ ਤੱਕ ਨਸ਼ਿਆਂ ਦੀ ਵਿਕਰੀ ਹੋ ਰਹੀ ਹੈ।

ਭਾਜਪਾ ਆਗੂ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਅਤੇ ਇਸ਼ਤਿਹਾਰਬਾਜ਼ੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸਵਾਲ ਉਠਾਉਣ ਵਾਲਿਆਂ ਨਾਲ ਕਥਿਤ ਤੌਰ ’ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

ਚੱਢਾ ਨੇ ਮਜ਼ਦੂਰ ਗੁਲਜ਼ਾਰ ਸਿੰਘ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਉਸ ’ਤੇ ਮਾਨਸਿਕ ਤਸ਼ੱਦਦ ਕੀਤਾ ਗਿਆ ਅਤੇ ਉਸਨੂੰ ਖ਼ੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਤੋਂ ਸਵਾਲ ਕਰਨਾ ਵੀ ਮੁਸ਼ਕਲ ਬਣਦਾ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਦਾ ਵਫ਼ਦ ਜਦੋਂ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਗਿਆ ਤਾਂ ਸਰਕਾਰ ਵੱਲੋਂ ਕਥਿਤ ਤੌਰ ’ਤੇ ਰੁਕਾਵਟਾਂ ਪੈਦਾ ਕੀਤੀਆਂ ਗਈਆਂ। ਚੱਢਾ ਨੇ ਸਵਾਲ ਕੀਤਾ ਕਿ ਕੀ ਪੰਜਾਬ ਵਿੱਚ ਕਿਸੇ ਮ੍ਰਿਤਕ ਨੂੰ ਸ਼ਰਧਾਂਜਲੀ ਦੇਣ ਤੋਂ ਵੀ ਰੋਕਿਆ ਜਾਣਾ ਚਾਹੀਦਾ ਹੈ।

ਰਾਘਵ ਚੱਢਾ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਉਨ੍ਹਾਂ ਮੁਤਾਬਕ ਜ਼ਮੀਨੀ ਪੱਧਰ ’ਤੇ ਹਾਲਾਤ ਇਨ੍ਹਾਂ ਦਾਅਵਿਆਂ ਤੋਂ ਵੱਖਰੀ ਤਸਵੀਰ ਪੇਸ਼ ਕਰ ਰਹੇ ਹਨ।