ਦਿੱਲੀ ਇਮਾਰਤ ਹਾਦਸਾ: PM ਮੋਦੀ ਨੇ ਮੌਤਾਂ ‘ਤੇ ਜਤਾਇਆ ਡੂੰਘਾ ਦੁੱਖ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੌਮੀ ਰਾਜਧਾਨੀ ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਇਮਾਰਤ ਡਿੱਗਣ ਕਾਰਨ ਹੋਈਆਂ ਮੌਤਾਂ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਰਾਹਤ ਕਾਰਜਾਂ ਲਈ ਅਧਿਕਾਰੀ ਮੌਕੇ ‘ਤੇ ਮੌਜੂਦ ਹਨ।

ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਨੇੜੇ ਸਤਿਆ ਨਿਕੇਤਨ ਦੀ ਇੱਕ ਭੀੜ-ਭੜੱਕੇ ਵਾਲੀ ਗਲੀ ਵਿੱਚ ਲੜਕਿਆਂ ਦੇ ਹਾਸਟਲ ਵਜੋਂ ਵਰਤੀ ਜਾ ਰਹੀ ਕਰੀਬ 50 ਸਾਲ ਪੁਰਾਣੀ ਪੰਜ ਮੰਜ਼ਿਲਾ ਇਮਾਰਤ ਐਤਵਾਰ ਦੁਪਹਿਰ ਅਚਾਨਕ ਢਹਿ ਗਈ। ਹਾਦਸੇ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਮਲਬੇ ਹੇਠਾਂ ਫਸ ਗਏ।

PM ਮੋਦੀ ਨੇ ‘ਐਕਸ’ ‘ਤੇ ਪੋਸਟ ਸਾਂਝੀ ਕਰਦਿਆਂ ਹਾਦਸੇ ਨੂੰ ਬੇਹੱਦ ਦੁਖਦਾਈ ਦੱਸਿਆ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜ਼ਖ਼ਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।

ਸਥਾਨਕ ਵਸਨੀਕਾਂ ਮੁਤਾਬਕ, ਦੁਪਹਿਰ ਕਰੀਬ 1:30 ਵਜੇ ਜਦੋਂ ਇਮਾਰਤ ਢਹੀ, ਉਸ ਸਮੇਂ ਅੰਦਰ 30 ਤੋਂ 50 ਲੋਕਾਂ ਦੇ ਹੋਣ ਦਾ ਖਦਸ਼ਾ ਸੀ। ਹਾਲਾਂਕਿ, ਅਧਿਕਾਰੀਆਂ ਵੱਲੋਂ ਮਲਬੇ ਹੇਠਾਂ ਫਸੇ ਲੋਕਾਂ ਦੀ ਸਹੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਰਾਹਤ ਟੀਮਾਂ ਨੇ ਹੁਣ ਤੱਕ ਮਲਬੇ ਵਿੱਚੋਂ ਅੱਠ ਲੋਕਾਂ ਨੂੰ ਬਾਹਰ ਕੱਢ ਲਿਆ ਹੈ। ਇਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਪਹੁੰਚਣ ‘ਤੇ ਮ੍ਰਿਤਕ ਐਲਾਨਿਆ ਗਿਆ, ਜਦਕਿ ਇੱਕ ਹੋਰ ਵਿਅਕਤੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲੀਸ ਮੁਤਾਬਕ, ਪੰਜ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ