Delhi Building Collapse: ਸਤਿਆ ਨਿਕੇਤਨ ‘ਚ ਇਮਾਰਤ ਡਿੱਗਣ ਨਾਲ 3 ਮੌਤਾਂ, 5 ਗੰਭੀਰ ਜ਼ਖਮੀ; MCD ਨੇ ਨਾਲ ਲੱਗਦੀ ਇਮਾਰਤ ਕੀਤੀ ਸੀਲ

Delhi Building Collapse: ਦੱਖਣੀ ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਪੰਜ ਮੰਜ਼ਿਲਾ ਇਮਾਰਤ ਢਹਿਣ ਦੀ ਘਟਨਾ ਤੋਂ ਬਾਅਦ ਮਿਉਂਸਿਪਲ ਕਾਰਪੋਰੇਸ਼ਨ ਆਫ਼ ਦਿੱਲੀ (MCD) ਨੇ ਕਾਰਵਾਈ ਕਰਦਿਆਂ ਨਾਲ ਲੱਗਦੀ ਇੱਕ ਹੋਰ ਇਮਾਰਤ ਨੂੰ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਹੈ। ਇਸ ਇਮਾਰਤ ਵਿੱਚ ਕੁੜੀਆਂ ਲਈ ਪੀਜੀ ਚੱਲ ਰਿਹਾ ਸੀ।

ਅਧਿਕਾਰੀਆਂ ਮੁਤਾਬਕ, ਨਾਲ ਲੱਗੀ ਇਮਾਰਤ ਦੀ ਹਾਲਤ ਵੀ ਕਾਫ਼ੀ ਖਸਤਾ ਸੀ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਰਹਿੰਦੇ ਸਾਰੇ ਕਿਰਾਏਦਾਰਾਂ ਨੂੰ ਬਾਹਰ ਕੱਢ ਕੇ ਨੇੜਲੇ ਕਮਿਊਨਿਟੀ ਹਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਵੱਲੋਂ ਇਮਾਰਤ ਨੂੰ ਢਾਹੁਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਢਹੀ ਇਮਾਰਤ ਵਿੱਚ ਲੜਕਿਆਂ ਦਾ ਹੋਸਟਲ ਚੱਲ ਰਿਹਾ ਸੀ। ਇਹ ਇਮਾਰਤ ਲਗਭਗ 30 ਸਾਲ ਪੁਰਾਣੀ ਦੱਸੀ ਜਾ ਰਹੀ ਹੈ ਅਤੇ ਕਰੀਬ 55 ਵਰਗ ਗਜ਼ ਦੇ ਪਲਾਟ ‘ਤੇ ਬਣੀ ਹੋਈ ਸੀ। ਰਿਕਾਰਡ ਮੁਤਾਬਕ ਇੱਥੇ ਸਿਰਫ਼ ਗਰਾਊਂਡ ਫਲੋਰ ਅਤੇ ਪਹਿਲੀ ਮੰਜ਼ਿਲ ਬਣਾਉਣ ਦੀ ਮਨਜ਼ੂਰੀ ਸੀ, ਪਰ ਕਥਿਤ ਤੌਰ ‘ਤੇ ਨਿਯਮਾਂ ਦੀ ਉਲੰਘਣਾ ਕਰਦਿਆਂ ਇਮਾਰਤ ਨੂੰ ਪੰਜ ਮੰਜ਼ਿਲਾਂ ਤੱਕ ਉਸਾਰ ਦਿੱਤਾ ਗਿਆ।

ਸਥਾਨਕ ਵਸਨੀਕਾਂ ਨੇ ਖਦਸ਼ਾ ਜਤਾਇਆ ਹੈ ਕਿ ਬੇਸਮੈਂਟ ਵਿੱਚ ਚੱਲ ਰਹੇ ਮੁਰੰਮਤ ਦੇ ਕੰਮ ਅਤੇ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਇਮਾਰਤ ਦੀ ਬਣਤਰ ਕਮਜ਼ੋਰ ਹੋਈ ਹੋ ਸਕਦੀ ਹੈ। ਹਾਲਾਂਕਿ, MCD ਅਧਿਕਾਰੀਆਂ ਦਾ ਕਹਿਣਾ ਹੈ ਕਿ ਮਲਬਾ ਪੂਰੀ ਤਰ੍ਹਾਂ ਹਟਾਏ ਜਾਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਇਮਾਰਤ ਅੰਦਰ ਕਿਸੇ ਤਰ੍ਹਾਂ ਦਾ ਮੁਰੰਮਤ ਜਾਂ ਨਿਰਮਾਣ ਕਾਰਜ ਚੱਲ ਰਿਹਾ ਸੀ ਜਾਂ ਨਹੀਂ।

ਹਾਦਸੇ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ। ਮਲਬਾ ਹਟਾਉਣ ਲਈ ਭਾਰੀ ਮਸ਼ੀਨਰੀ, JCB ਅਤੇ ਪਿਕਅੱਪ ਟਰੱਕਾਂ ਦੇ ਨਾਲ NDRF ਦੀਆਂ ਟੀਮਾਂ ਅਤੇ ਮੈਡੀਕਲ ਸਟਾਫ਼ ਵੀ ਤਾਇਨਾਤ ਕੀਤਾ ਗਿਆ ਹੈ। ਬਚਾਅ ਟੀਮਾਂ ਵੱਲੋਂ ਮਲਬੇ ਹੇਠ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।