ਦਸਤਾਰ ਨੂੰ ‘ਨਕਲੀ’ ਕਹਿਣ ’ਤੇ ਸੈਣੀ ਦਾ CM ਮਾਨ ’ਤੇ ਤਿੱਖਾ ਹਮਲਾ, ਗੁਰੂ ਸਾਹਿਬਾਨ ਦੇ ਅਪਮਾਨ ਦਾ ਲਾਇਆ ਦੋਸ਼

ਦਸਤਾਰ ਵਿਵਾਦ ’ਤੇ CM ਸੈਣੀ ਦਾ ਪਲਟਵਾਰ, ਭਗਵੰਤ ਮਾਨ ਤੋਂ ਮੁਆਫ਼ੀ ਦੀ ਮੰਗ

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਦੀ ਦਸਤਾਰ ਨੂੰ ‘ਨਕਲੀ’ ਕਹੇ ਜਾਣ ’ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸੋਮਵਾਰ ਦੇਰ ਰਾਤ ਜਾਰੀ ਕੀਤੇ ਬਿਆਨ ਵਿੱਚ ਸੈਣੀ ਨੇ ਭਗਵੰਤ ਮਾਨ ਦੀ ਟਿੱਪਣੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਉਨ੍ਹਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਦਸਤਾਰ ਸਿਰਫ਼ ਪਹਿਰਾਵਾ ਨਹੀਂ, ਸਗੋਂ ਗੁਰੂ ਸਾਹਿਬਾਨ ਪ੍ਰਤੀ ਸਤਿਕਾਰ, ਸ਼ਰਧਾ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪੱਗ ਸਿੱਖ ਗੁਰੂਆਂ ਵੱਲੋਂ ਬਖ਼ਸ਼ੀ ਗਈ ਪਵਿੱਤਰ ਪਰੰਪਰਾ ਹੈ ਅਤੇ ਉਹ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਆਪਣੀ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸੈਣੀ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਨੇ ਉਨ੍ਹਾਂ ਦੀ ਦਸਤਾਰ ਨੂੰ ‘ਨਕਲੀ’ ਕਿਹਾ ਹੈ ਤਾਂ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਕੇ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਨੂੰ ਗੁਰੂ ਸਾਹਿਬਾਨ ਦੇ ਨਾਲ-ਨਾਲ ਪੰਜਾਬ ਦੀ ਜਨਤਾ ਤੋਂ ਵੀ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀਆਂ ਮਹਾਨ ਸ਼ਹਾਦਤਾਂ ਕਾਰਨ ਹੀ ਅੱਜ ਸਮਾਜ ਨੂੰ ਧਾਰਮਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ।

ਸੈਣੀ ਨੇ ਇਸ ਮਾਮਲੇ ਨੂੰ ਸਿਰਫ਼ ਦੋ ਸਿਆਸੀ ਆਗੂਆਂ ਵਿਚਕਾਰ ਬਿਆਨਬਾਜ਼ੀ ਨਾ ਮੰਨਦਿਆਂ ਦਸਤਾਰ ਨਾਲ ਜੁੜੀਆਂ ਧਾਰਮਿਕ ਭਾਵਨਾਵਾਂ ਦਾ ਮਾਮਲਾ ਦੱਸਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਪਣੀ ਟਿੱਪਣੀ ’ਤੇ ਸਪੱਸ਼ਟੀਕਰਨ ਅਤੇ ਮੁਆਫ਼ੀ ਦੀ ਮੰਗ ਕੀਤੀ।