ਕੱਲ੍ਹ ਤੋਂ ਪੰਜਾਬ ਦੇ ਇਨ੍ਹਾਂ ਰੂਟਾਂ ‘ਤੇ ਦੌੜੇਗੀ ਵੰਦੇ ਭਾਰਤ, ਯਾਤਰੀਆਂ ਦਾ ਬਚੇਗਾ ਸਮਾਂ

ਕਾਂਗਰਸ ਦੇ ਸੰਸਦ ਮੈਂਬਰ Gurjeet Singh Aujla ਨੇ ਜਾਣਕਾਰੀ ਦਿੱਤੀ ਹੈ ਕਿ ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਅਤੇ ਹੋਰ ਯਾਤਰੀਆਂ ਦੀ ਸਹੂਲਤ ਲਈ ਚਲਾਈ ਜਾ ਰਹੀ ਵੰਦੇ ਭਾਰਤ ਟ੍ਰੇਨ ਦਾ ਰੂਟ ਬਦਲ ਦਿੱਤਾ ਗਿਆ ਹੈ। ਨਵੇਂ ਫੈਸਲੇ ਅਨੁਸਾਰ ਟ੍ਰੇਨ ਹੁਣ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਰਾਹੀਂ ਚੱਲੇਗੀ, ਜਿਸ ਨਾਲ ਸਫ਼ਰ ਹੋਰ ਤੇਜ਼ ਅਤੇ ਆਸਾਨ ਹੋ ਜਾਵੇਗਾ।

ਔਜਲਾ ਨੇ ਦੱਸਿਆ ਕਿ ਟ੍ਰੇਨ ਦੀ ਸ਼ੁਰੂਆਤ ਵੇਲੇ ਇਹ ਜਲੰਧਰ ਰਾਹੀਂ ਪਠਾਨਕੋਟ ਜਾਂਦੀ ਸੀ, ਜਿਸ ਕਾਰਨ ਯਾਤਰੀਆਂ ਨੂੰ ਵੱਧ ਦੂਰੀ ਤੈਅ ਕਰਨੀ ਪੈਂਦੀ ਸੀ। ਉਨ੍ਹਾਂ ਨੇ ਸ਼ੁਰੂ ਤੋਂ ਹੀ ਮੰਗ ਕੀਤੀ ਸੀ ਕਿ ਮਾਝਾ ਖੇਤਰ ਦੇ ਲੋਕਾਂ ਨੂੰ ਸਿੱਧਾ ਲਾਭ ਦੇਣ ਲਈ ਰੂਟ ਅੰਮ੍ਰਿਤਸਰ-ਬਟਾਲਾ-ਗੁਰਦਾਸਪੁਰ-ਪਠਾਨਕੋਟ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਉਨ੍ਹਾਂ ਨੇ ਕੇਂਦਰੀ ਰੇਲ ਮੰਤਰੀ ਅਤੇ ਰੇਲ ਰਾਜ ਮੰਤਰੀ Ravneet Singh Bittu ਦੇ ਧਿਆਨ ਵਿੱਚ ਵੀ ਲਿਆਂਦਾ ਸੀ। ਹੁਣ ਰੇਲਵੇ ਮੰਤਰਾਲੇ ਨੇ ਇਸ ਮੰਗ ਨੂੰ ਮਨਜ਼ੂਰ ਕਰ ਲਿਆ ਹੈ, ਜਿਸ ਲਈ ਉਨ੍ਹਾਂ ਨੇ ਰੇਲ ਮੰਤਰਾਲੇ ਅਤੇ ਬਿੱਟੂ ਦਾ ਧੰਨਵਾਦ ਕੀਤਾ।

ਸੰਸਦ ਮੈਂਬਰ ਮੁਤਾਬਕ ਨਵਾਂ ਰੂਟ 16 ਜੂਨ ਤੋਂ ਲਾਗੂ ਹੋਵੇਗਾ ਅਤੇ ਵੰਦੇ ਭਾਰਤ ਟ੍ਰੇਨ ਸ਼ਾਮ 4:42 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਇਸ ਰੂਟ ਦਾ ਉਦਘਾਟਨ ਰਵਨੀਤ ਸਿੰਘ ਬਿੱਟੂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਕੀਤਾ ਜਾਵੇਗਾ।

ਔਜਲਾ ਨੇ ਕਿਹਾ ਕਿ ਉਹ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ ਕਾਰਨ ਦਿੱਲੀ ਵਿੱਚ ਹੋਣ ਕਰਕੇ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਰੂਟ ਬਦਲਾਅ ਨਾਲ ਯਾਤਰੀਆਂ ਦੇ ਸਫ਼ਰ ਵਿੱਚ ਲਗਭਗ ਇੱਕ ਘੰਟੇ ਦੀ ਬਚਤ ਹੋਵੇਗੀ, ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।