ਕੈਨੇਡਾ ’ਚ Kal Dosanjh ’ਤੇ ਕਾਨੂੰਨੀ ਸ਼ਿਕੰਜਾ, ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ

Kulwinder Kal Arrested: ਪੰਜਾਬੀ ਮੂਲ ਦੇ ਪੁਲੀਸ ਅਧਿਕਾਰੀ ’ਤੇ ਧੋਖਾਧੜੀ ਤੇ ਚੋਰੀ ਦੇ ਦੋਸ਼, ਸਾਥੀ ਸਮੇਤ ਗ੍ਰਿਫ਼ਤਾਰ

ਕੈਨੇਡਾ: ਵੈਨਕੂਵਰ ਪੁਲੀਸ ਵਿਭਾਗ ਦੇ ਪੰਜਾਬੀ ਮੂਲ ਦੇ ਕਾਂਸਟੇਬਲ ਅਤੇ ਸਰੀ ਸਥਿਤ ‘ਕਿਡਜ਼ਪਲੇ ਫਾਊਂਡੇਸ਼ਨ’ ਦੇ ਬਾਨੀ ਕਲਵਿੰਦਰ ਸਿੰਘ ਉਰਫ਼ ਕੈਲ ਦੋਸਾਂਝ ਨੂੰ ਲੰਬੀ ਜਾਂਚ ਤੋਂ ਬਾਅਦ ਧੋਖਾਧੜੀ, ਚੋਰੀ ਅਤੇ ਭਰੋਸੇ ਦੀ ਉਲੰਘਣਾ ਸਮੇਤ ਕਈ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਉਸ ਦੇ ਸਾਥੀ ਸਰਬਜੀਤ ਸਿੰਘ ਗਿੱਲ ਨੂੰ ਵੀ ਕਾਬੂ ਕੀਤਾ ਹੈ।

ਜਾਣਕਾਰੀ ਮੁਤਾਬਕ ਪੁਲੀਸ ਨੇ ਸਰੀ ਦੇ 129 ਸਟਰੀਟ ਅਤੇ 59 ਐਵੇਨਿਊ ਸਥਿਤ ਕੈਲ ਦੋਸਾਂਝ ਦੇ ਘਰ ਨੂੰ ਘੇਰ ਕੇ ਕਾਰਵਾਈ ਕੀਤੀ। ਤਲਾਸ਼ੀ ਦੌਰਾਨ ਪੁਲੀਸ ਵੱਲੋਂ ਕਈ ਦਸਤਾਵੇਜ਼ ਬਕਸਿਆਂ ਵਿੱਚ ਪਾ ਕੇ ਲਿਜਾਂਦੇ ਵੀ ਦੇਖੇ ਗਏ।

ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਵੱਲੋਂ ਪੁਸ਼ਟੀ ਕੀਤੇ ਦੋਸ਼ਾਂ ਅਨੁਸਾਰ 50 ਸਾਲਾ ਕੈਲ ਦੋਸਾਂਝ ਖ਼ਿਲਾਫ਼ ਕੁੱਲ ਨੌਂ ਮਾਮਲੇ ਦਰਜ ਹਨ। ਇਨ੍ਹਾਂ ਵਿੱਚ 5,000 ਕੈਨੇਡੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਚਾਰ, ਇਸੇ ਮੁੱਲ ਤੋਂ ਵੱਧ ਦੀ ਚੋਰੀ ਦੇ ਚਾਰ ਅਤੇ ਇੱਕ ਜਨਤਕ ਅਧਿਕਾਰੀ ਵੱਲੋਂ ਭਰੋਸੇ ਦੀ ਉਲੰਘਣਾ ਦਾ ਦੋਸ਼ ਸ਼ਾਮਲ ਹੈ। ਉਸ ਦੇ 51 ਸਾਲਾ ਸਹਿ-ਦੋਸ਼ੀ ਸਰਬਜੀਤ ਸਿੰਘ ਗਿੱਲ ’ਤੇ ਧੋਖਾਧੜੀ ਅਤੇ ਚੋਰੀ ਦੇ ਛੇ ਦੋਸ਼ ਲੱਗੇ ਹਨ।

ਪੁਲੀਸ ਅਨੁਸਾਰ ਕਥਿਤ ਅਪਰਾਧ 8 ਦਸੰਬਰ 2017 ਤੋਂ 25 ਜੁਲਾਈ 2025 ਤੱਕ ਵੈਨਕੂਵਰ, ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਇਲਾਕਿਆਂ ਵਿੱਚ ਜਾਂ ਨੇੜਲੇ ਸਥਾਨਾਂ ’ਤੇ ਹੋਣ ਦੀ ਗੱਲ ਸਾਹਮਣੇ ਆਈ ਹੈ।

ਫਗਵਾੜਾ ਨੇੜਲੇ ਇੱਕ ਪਿੰਡ ਨਾਲ ਸਬੰਧਤ ਕੈਲ ਦੋਸਾਂਝ ਲਗਪਗ ਦੋ ਦਹਾਕਿਆਂ ਤੋਂ ਵੈਨਕੂਵਰ ਪੁਲੀਸ ਵਿੱਚ ਸੇਵਾ ਨਿਭਾ ਰਿਹਾ ਸੀ। ਇਸ ਦੇ ਨਾਲ ਹੀ ਉਹ ਨੌਜਵਾਨਾਂ ਨੂੰ ਅਪਰਾਧ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਕੰਮ ਕਰਨ ਵਾਲੀ ‘ਕਿਡਜ਼ਪਲੇ ਫਾਊਂਡੇਸ਼ਨ’ ਨਾਲ ਵੀ ਜੁੜਿਆ ਹੋਇਆ ਸੀ। ਸਰੀ ਵਿੱਚ ਉਸ ਨੂੰ ਇੱਕ ਜਾਣੀ-ਪਛਾਣੀ ਸ਼ਖ਼ਸੀਅਤ ਵਜੋਂ ਵੀ ਦੇਖਿਆ ਜਾਂਦਾ ਸੀ।

ਮਾਮਲੇ ਨਾਲ ਜੁੜੀ ਜਾਣਕਾਰੀ ਮੁਤਾਬਕ ਪੁਲੀਸ ਕੋਲ ਕਥਿਤ ਤੌਰ ’ਤੇ ਢਾਈ ਕਰੋੜ ਕੈਨੇਡੀਅਨ ਡਾਲਰ ਦੇ ਵਿੱਤੀ ਘਪਲੇ ਨਾਲ ਸਬੰਧਤ ਸ਼ਿਕਾਇਤਾਂ ਵੀ ਪਹੁੰਚੀਆਂ ਸਨ। ਹਾਲਾਂਕਿ ਵੈਨਕੂਵਰ ਪੁਲੀਸ ਮੁਖੀ ਨੇ ਇਸ ਸਬੰਧੀ ਤੁਰੰਤ ਵਿਸਥਾਰ ਦੇਣ ਤੋਂ ਇਨਕਾਰ ਕਰਦਿਆਂ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਪੂਰੀ ਜਾਣਕਾਰੀ ਦੇਣ ਦੀ ਗੱਲ ਕਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਦੋਸ਼ ਹੈ ਕਿ ਪੁਲੀਸ ਦੀ ਨੌਕਰੀ ਅਤੇ ਯੂਥ ਚੈਰਿਟੀ ਨਾਲ ਜੁੜੇ ਹੋਣ ਕਾਰਨ ਕੈਲ ਦੋਸਾਂਝ ਨੇ ਲੋਕਾਂ ਵਿੱਚ ਭਰੋਸਾ ਬਣਾਇਆ। ਇਸੇ ਭਰੋਸੇ ਦੇ ਆਧਾਰ ’ਤੇ ਕਥਿਤ ਤੌਰ ’ਤੇ ਸੈਂਕੜੇ ਲੋਕਾਂ ਤੋਂ ਨਿਵੇਸ਼ ਦੇ ਨਾਂ ’ਤੇ ਵੱਡੀ ਰਕਮ ਇਕੱਠੀ ਕੀਤੀ ਗਈ। ਦਾਅਵਾ ਹੈ ਕਿ ਇਸ ਪੈਸੇ ਨਾਲ ਕੁਝ ਜਾਇਦਾਦਾਂ ਖਰੀਦੀਆਂ ਗਈਆਂ ਅਤੇ ਨਿਵੇਸ਼ਕਾਂ ਨੂੰ ਉਨ੍ਹਾਂ ਨੂੰ ਵੱਧ ਕੀਮਤ ’ਤੇ ਵੇਚ ਕੇ ਮੁਨਾਫ਼ਾ ਵੰਡਣ ਦਾ ਭਰੋਸਾ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਬਾਅਦ ਵਿੱਚ ਇਨ੍ਹਾਂ ਜਾਇਦਾਦਾਂ ਨੂੰ ਬੈਂਕ ਕੋਲ ਗਿਰਵੀ ਰੱਖ ਕੇ ਹੋਰ ਜਾਇਦਾਦਾਂ ਖਰੀਦਣ ਲਈ ਕਰੀਬ ਦੋ ਕਰੋੜ ਡਾਲਰ ਦੀ ਵਰਤੋਂ ਕੀਤੀ ਗਈ। ਇਸ ਤੋਂ ਬਾਅਦ ਰੀਅਲ ਅਸਟੇਟ ਮਾਰਕੀਟ ਵਿੱਚ ਮੰਦੀ ਆਉਣ ਕਾਰਨ ਗਿਰਵੀ ਰੱਖੀਆਂ ਜਾਇਦਾਦਾਂ ਸਬੰਧੀ ਬੈਂਕ ਵੱਲੋਂ ਕਾਰਵਾਈ ਕੀਤੀ ਗਈ। ਇਸ ਮਗਰੋਂ ਕਥਿਤ ਨਿਵੇਸ਼ਕਾਂ ਵੱਲੋਂ ਆਪਣੀ ਰਕਮ ਵਾਪਸ ਮੰਗੀ ਗਈ, ਜਿਸ ਨੂੰ ਲੈ ਕੇ ਵਿਵਾਦ ਪੈਦਾ ਹੋਇਆ।

ਪੁਲੀਸ ਕੋਲ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਲੰਬੇ ਸਮੇਂ ਤੱਕ ਚੱਲਣ ਤੋਂ ਬਾਅਦ ਹੁਣ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਮਾਮਲੇ ਸਬੰਧੀ ਪੁਲੀਸ ਵੱਲੋਂ ਹੋਰ ਵੇਰਵੇ ਸਾਹਮਣੇ ਲਿਆਉਣ ਦੀ ਉਮੀਦ ਹੈ।