ਕਿਸਾਨਾਂ ਦੇ ਚੰਡੀਗੜ੍ਹ ਮਾਰਚ ਦਾ ਅਸਰ: ਕਈ ਰੂਟ ਬੰਦ, ਟਰੈਫਿਕ ਪੁਲੀਸ ਨੇ ਜਾਰੀ ਕੀਤੀ ਐਡਵਾਈਜ਼ਰੀ

Chandigarh Traffic Alert: ਕਿਸਾਨ ਮੋਰਚੇ ਕਾਰਨ ਕਈ ਰਸਤੇ ਡਾਇਵਰਟ, ਟਰੈਫਿਕ ਪੁਲੀਸ ਨੇ ਜਾਰੀ ਕੀਤੀ ਐਡਵਾਈਜ਼ਰੀ

ਚੰਡੀਗੜ੍ਹ: ਚੰਡੀਗੜ੍ਹ-ਮੁਹਾਲੀ ਹੱਦ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਏ ਗਏ ਸੱਤ ਦਿਨਾਂ ਦੇ ਧਰਨੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਆਵਾਜਾਈ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਪੁਲੀਸ ਵੱਲੋਂ ਆਮ ਲੋਕਾਂ ਲਈ ਟਰੈਫਿਕ ਐਡਵਾਈਜ਼ਰੀ ਜਾਰੀ ਕਰਦਿਆਂ ਕੁਝ ਸੜਕਾਂ ’ਤੇ ਆਵਾਜਾਈ ਡਾਇਵਰਟ ਅਤੇ ਕੁਝ ਰੂਟਾਂ ਨੂੰ ਸੀਮਤ ਕੀਤਾ ਗਿਆ ਹੈ।

ਐਡਵਾਈਜ਼ਰੀ ਮੁਤਾਬਕ ਫੈਦਾਂ ਬੈਰੀਅਰ ਤੋਂ ਪੂਰਵ ਮਾਰਗ ਰਾਹੀਂ ਚੰਡੀਗੜ੍ਹ ਵੱਲ ਆਉਣ ਵਾਲੀ ਸੜਕ ਦੇ ਇੱਕ ਹਿੱਸੇ ਦੀ ਆਵਾਜਾਈ ਪੂਰੀ ਤਰ੍ਹਾਂ ਬਦਲ ਦਿੱਤੀ ਗਈ ਹੈ। ਇਸੇ ਤਰ੍ਹਾਂ ਸੈਕਟਰ-48 ਲਾਈਟ ਪੁਆਇੰਟ, ਵਾਈਨ ਸ਼ਾਪ ਨੇੜੇ ਟੀ-ਪੁਆਇੰਟ ਤੋਂ ਸੈਕਟਰ-48 ਦੀ ਅੰਦਰੂਨੀ ਸੜਕ ਵੱਲ ਜਾਣ ਵਾਲਾ ਟਰੈਫਿਕ ਵੀ ਰੋਕਿਆ ਗਿਆ ਹੈ। ਸੈਕਟਰ-48/49 ਅਤੇ ਸੈਕਟਰ-49/50 ਦੀਆਂ ਡਿਵਾਈਡਿੰਗ ਸੜਕਾਂ ਰਾਹੀਂ ਚੰਡੀਗੜ੍ਹ ਵੱਲ ਜਾਣ ਵਾਲੀ ਆਵਾਜਾਈ ’ਤੇ ਵੀ ਪਾਬੰਦੀ ਲਗਾਈ ਗਈ ਹੈ।

ਸੜਕ ਦਾ ਇੱਕ ਪਾਸਾ ਕੀਤਾ ਗਿਆ ਬੰਦ

ਮੁਹਾਲੀ ਦੇ ਫੇਜ਼-11 ਤੋਂ ਚੰਡੀਗੜ੍ਹ ਦੇ ਸੈਕਟਰ-48 ਤੱਕ ਸੜਕ ਦੇ ਇੱਕ ਪਾਸੇ ਕਿਸਾਨਾਂ ਵੱਲੋਂ ਸੈਂਕੜੇ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰਕੇ ਪੱਕਾ ਮੋਰਚਾ ਲਗਾਏ ਜਾਣ ਕਾਰਨ ਮੁਹਾਲੀ ਪੁਲੀਸ ਨੇ ਸੁਰੱਖਿਆ ਦੇ ਮੱਦੇਨਜ਼ਰ ਸੜਕ ਦਾ ਇੱਕ ਪਾਸਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਉੱਧਰ, ਚੰਡੀਗੜ੍ਹ ਪੁਲੀਸ ਵੱਲੋਂ ਸੈਕਟਰ-48 ਵਿੱਚ ਕਿਸਾਨਾਂ ਦੀ ਸਟੇਜ ਅਤੇ ਪੰਡਾਲ ਦੇ ਪਿੱਛੇ ਤਿੰਨ ਪੱਧਰੀ ਕੰਡੇਦਾਰ ਤਾਰਾਂ ਵਾਲੀ ਬੈਰੀਕੇਡਿੰਗ ਕੀਤੀ ਗਈ ਹੈ। ਇੱਥੇ ਰੈਪਿਡ ਐਕਸ਼ਨ ਫੋਰਸ (RAF) ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ।

ਟਰੈਫਿਕ ਪੁਲੀਸ ਨੇ ਲੋਕਾਂ ਨੂੰ ਬੇਲੋੜੀ ਪਰੇਸ਼ਾਨੀ ਤੋਂ ਬਚਣ ਲਈ ਬਦਲਵੇਂ ਰਸਤੇ ਵਰਤਣ ਦੀ ਅਪੀਲ ਕੀਤੀ ਹੈ। ਨਾਲ ਹੀ ਟਰੈਫਿਕ ਸਬੰਧੀ ਤਾਜ਼ਾ ਜਾਣਕਾਰੀ ਲਈ ਪੁਲੀਸ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਅਪਡੇਟ ਰਹਿਣ ਲਈ ਕਿਹਾ ਗਿਆ ਹੈ। ਕਿਸਾਨ ਆਗੂਆਂ ਨੇ ਵੀ ਭਰੋਸਾ ਦਿੱਤਾ ਹੈ ਕਿ ਉਹ ਆਵਾਜਾਈ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਗੇ ਅਤੇ ਸੜਕ ਦੇ ਖੁੱਲ੍ਹੇ ਹਿੱਸੇ ’ਤੇ ਟਰੈਫਿਕ ਚਾਲੂ ਰੱਖਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣਗੇ।

ਚੰਡੀਗੜ੍ਹ-ਮੁਹਾਲੀ ਸਰਹੱਦ ’ਤੇ ਸੱਤ ਦਿਨਾਂ ਦਾ ਪੱਕਾ ਮੋਰਚਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ-ਮੁਹਾਲੀ ਹੱਦ ’ਤੇ ਸੱਤ ਦਿਨਾਂ ਦਾ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਸੈਂਕੜੇ ਟਰੈਕਟਰ-ਟਰਾਲੀਆਂ ਲੈ ਕੇ ਇੱਥੇ ਪਹੁੰਚੇ ਹਨ। ਕਰੀਬ ਦੋ ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਕਿਸਾਨਾਂ ਵੱਲੋਂ ਰਹਿਣ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਕਿਸਾਨ ਵੀ ਸ਼ਾਮਲ ਹਨ ਅਤੇ ਏਅਰਪੋਰਟ ਰੋਡ ’ਤੇ ਟਰੈਕਟਰ-ਟਰਾਲੀਆਂ ਦੀ ਲੰਮੀ ਕਤਾਰ ਦੇਖਣ ਨੂੰ ਮਿਲ ਰਹੀ ਹੈ।

ਰੋਜ਼ਾਨਾ ਚਾਰ ਘੰਟੇ ਚੱਲੇਗੀ ਸਟੇਜ

ਕਿਸਾਨ ਆਗੂਆਂ ਮੁਤਾਬਕ ਦਿੱਲੀ ਦੇ ਕਿਸਾਨ ਮੋਰਚੇ ਦੀ ਤਰਜ਼ ’ਤੇ ਇੱਥੇ ਹਰ ਰੋਜ਼ ਕਰੀਬ ਚਾਰ ਘੰਟੇ ਸਟੇਜ ਲਗਾਈ ਜਾਵੇਗੀ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵਾਰੀ-ਵਾਰੀ ਮੰਚ ਸੰਭਾਲਣਗੇ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਗਰਾਹਾਂ ਧੜੇ ਨੂੰ ਛੱਡ ਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਜਥੇਬੰਦੀਆਂ ਇਸ ਸੰਘਰਸ਼ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ।

ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਪਾਣੀਆਂ ਨਾਲ ਸਬੰਧਤ ਸਮਝੌਤੇ ਰੱਦ ਕਰਨ, ਸਾਰੀਆਂ ਫ਼ਸਲਾਂ ਲਈ ਕਾਨੂੰਨੀ ਐੱਮਐੱਸਪੀ ਦੀ ਗਾਰੰਟੀ, ਮੁਕਤ ਵਪਾਰ ਸਮਝੌਤਾ ਰੱਦ ਕਰਨ ਅਤੇ ਬੀਬੀਐੱਮਬੀ ਵਿੱਚ ਪੰਜਾਬ ਦੀ ਸਥਾਈ ਮੈਂਬਰੀ ਬਹਾਲ ਕਰਨ ਸਮੇਤ ਕਈ ਮੰਗਾਂ ਰੱਖੀਆਂ ਗਈਆਂ ਹਨ।

ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਹੜਤਾਲ ਕਰ ਰਹੇ ਮੁਲਾਜ਼ਮਾਂ ਦੀਆਂ ਬਦਲੀਆਂ ਅਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਵੀ ਨਿਖੇਧੀ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਮੰਗਾਂ ’ਤੇ ਗੌਰ ਨਾ ਕੀਤਾ ਤਾਂ ਮੋਰਚਾ 7 ਸਤੰਬਰ ਤੋਂ ਬਾਅਦ ਵੀ ਜਾਰੀ ਰੱਖਣ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ।

ਧਰਨੇ ਵਾਲੀ ਥਾਂ ’ਤੇ ਲੰਗਰ ਤੇ ਮੈਡੀਕਲ ਕੈਂਪ

ਮੋਰਚੇ ਦੇ ਪਹਿਲੇ ਦਿਨ ਮੁਹਾਲੀ ਵਿੱਚ ਹੋਈ ਹਲਕੀ ਬਾਰਿਸ਼ ਦੌਰਾਨ ਕਿਸਾਨਾਂ ਨੇ ਟਰਾਲੀਆਂ ’ਤੇ ਤਿਰਪਾਲਾਂ ਪਾ ਕੇ ਮੌਸਮ ਤੋਂ ਬਚਾਅ ਦਾ ਪ੍ਰਬੰਧ ਕੀਤਾ। ਧਰਨੇ ਵਾਲੀ ਥਾਂ ’ਤੇ ਚਾਹ ਅਤੇ ਪ੍ਰਸ਼ਾਦੇ ਦੇ ਲੰਗਰ ਲਗਾਤਾਰ ਚੱਲ ਰਹੇ ਹਨ। ਇਸ ਦੇ ਨਾਲ ਹੀ ਡਾਕਟਰ ਸਵੈਮਾਨ ਸਿੰਘ ਦੀ ਅਗਵਾਈ ਹੇਠ ਸਟੇਜ ਨੇੜੇ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ।

ਹਾਲਾਂਕਿ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ, ਪਰਮਿੰਦਰ ਸਿੰਘ ਚਲਾਕੀ, ਪਰਮਦੀਪ ਸਿੰਘ ਬੈਦਵਾਣ, ਕਿਰਪਾਲ ਸਿੰਘ ਸਿਆਊ ਅਤੇ ਲਖਵਿੰਦਰ ਸਿੰਘ ਕਰਾਲਾ ਨੇ ਮੁਹਾਲੀ ਪ੍ਰਸ਼ਾਸਨ ’ਤੇ ਲੋੜੀਂਦੀਆਂ ਸਹੂਲਤਾਂ ਨਾ ਦੇਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਜਲੀ ਅਤੇ ਸਫ਼ਾਈ ਦਾ ਪ੍ਰਬੰਧ ਕੀਤਾ ਗਿਆ ਹੈ, ਜਦਕਿ ਮੁਹਾਲੀ ਪ੍ਰਸ਼ਾਸਨ ਵੱਲੋਂ ਬਿਜਲੀ, ਮੋਬਾਈਲ ਪਖਾਨੇ, ਸਫ਼ਾਈ ਅਤੇ ਫੌਗਿੰਗ ਵਰਗੀਆਂ ਸਹੂਲਤਾਂ ਅਜੇ ਤੱਕ ਮੁਹੱਈਆ ਨਹੀਂ ਕਰਵਾਈਆਂ ਗਈਆਂ।