ਪੰਜਾਬ ਵਿੱਚ ਸੜਕ ਸੁਰੱਖਿਆ ਫੋਰਸ ਬਣੀ ਵਰਦਾਨ, ਹਾਦਸਿਆਂ ਦੀ ਦਰ 50 ਫੀਸਦੀ ਘਟੀ

Punjab Road Safety: ਸੜਕਾਂ ’ਤੇ ਸੁਰੱਖਿਅਤ ਸਫ਼ਰ ਹਰ ਨਾਗਰਿਕ ਦਾ ਹੱਕ ਹੈ, ਪਰ ਕਈ ਵਾਰ ਅਚਾਨਕ ਵਾਪਰਦੇ ਹਾਦਸੇ ਖੁਸ਼ੀਆਂ ਭਰੇ ਪਲਾਂ ਨੂੰ ਗਮ ਵਿੱਚ ਬਦਲ ਦਿੰਦੇ ਹਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਹਾਦਸਿਆਂ ਵਿੱਚ ਜ਼ਖ਼ਮੀ ਹੋਣ ਵਾਲਿਆਂ ਨੂੰ ਤੁਰੰਤ ਮਦਦ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣਾਈ ਗਈ ਸੜਕ ਸੁਰੱਖਿਆ ਫੋਰਸ (SSF) ਸੂਬੇ ਵਿੱਚ ਇੱਕ ਮਹੱਤਵਪੂਰਨ ਪਹਿਲ ਸਾਬਤ ਹੋ ਰਹੀ ਹੈ।

ਫੋਰਸ ਦੇ ਗਠਨ ਤੋਂ ਬਾਅਦ ਦੇ ਦੋ ਸਾਲਾਂ ਵਿੱਚ ਇਸ ਨੇ ਸੜਕ ਸੁਰੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਨਤੀਜੇ ਦਿੱਤੇ ਹਨ। ਅਧਿਕਾਰਿਕ ਅੰਕੜਿਆਂ ਮੁਤਾਬਕ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 50.12 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸ ਦੌਰਾਨ ਫੋਰਸ ਦੇ ਕਰਮਚਾਰੀਆਂ ਨੇ 47 ਹਜ਼ਾਰ ਤੋਂ ਵੱਧ ਹਾਦਸਾ ਪੀੜਤਾਂ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਅਤੇ ਇਲਾਜ ਮੁਹੱਈਆ ਕਰਵਾਇਆ, ਜਿਸ ਨਾਲ ਅਨੇਕਾਂ ਜਾਨਾਂ ਬਚਾਈਆਂ ਗਈਆਂ ਹਨ।

ਸੜਕ ਸੁਰੱਖਿਆ ਫੋਰਸ ਨੂੰ ਮਜ਼ਬੂਤ ਬਣਾਉਣ ਲਈ ਪੰਜਾਬ ਸਰਕਾਰ ਨੇ 144 ਆਧੁਨਿਕ ਵਾਹਨ ਉਪਲਬਧ ਕਰਵਾਏ ਹਨ, ਜਿਨ੍ਹਾਂ ਵਿੱਚ 116 ਟੋਇਟਾ ਹਾਈਲੈਕਸ ਅਤੇ 28 ਸਕਾਰਪੀਓ ਗੱਡੀਆਂ ਸ਼ਾਮਲ ਹਨ। ਲਗਭਗ 5,500 ਕਿਲੋਮੀਟਰ ਲੰਬੇ ਹਾਈਵੇਅ ਅਤੇ ਮੁੱਖ ਸੜਕ ਮਾਰਗਾਂ ’ਤੇ ਹਰ 30 ਕਿਲੋਮੀਟਰ ਦੇ ਫਾਸਲੇ ’ਤੇ ਇਨ੍ਹਾਂ ਵਾਹਨਾਂ ਅਤੇ ਤਰਬੀਅਤਯਾਫਤਾ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ।

ਕਰੀਬ 1,597 ਸਿਖਲਾਈ ਪ੍ਰਾਪਤ ਮੁਲਾਜ਼ਮ ਦਿਨ-ਰਾਤ ਲੋਕਾਂ ਦੀ ਸੇਵਾ ਲਈ ਤੈਨਾਤ ਹਨ। ਇਹ ਟੀਮਾਂ 24 ਘੰਟੇ ਸਰਗਰਮ ਰਹਿੰਦੀਆਂ ਹਨ ਅਤੇ ਹਰ ਰੋਜ਼ ਤਕਰੀਬਨ 15,000 ਕਿਲੋਮੀਟਰ ਤੱਕ ਗਸ਼ਤ ਕਰਦੀਆਂ ਹਨ। ਮੁੱਖ ਸੜਕਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਦੀਆਂ ਲਿੰਕ ਸੜਕਾਂ ਨੂੰ ਵੀ ਇਸ ਸੁਰੱਖਿਆ ਜਾਲ ਵਿੱਚ ਸ਼ਾਮਲ ਕੀਤਾ ਗਿਆ ਹੈ।

ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਨਾਗਰਿਕ ਟੋਲ-ਫ੍ਰੀ ਨੰਬਰ 112 ’ਤੇ ਸੰਪਰਕ ਕਰ ਸਕਦੇ ਹਨ। ਕਾਲ ਮਿਲਣ ਤੋਂ ਬਾਅਦ ਐਸਐਸਐਫ ਦੀ ਟੀਮ ਆਮ ਤੌਰ ’ਤੇ 6 ਤੋਂ 10 ਮਿੰਟਾਂ ਦੇ ਅੰਦਰ ਘਟਨਾ ਸਥਾਨ ’ਤੇ ਪਹੁੰਚ ਕੇ ਮਦਦ ਮੁਹੱਈਆ ਕਰਦੀ ਹੈ। ਫੋਰਸ ਨਾ ਸਿਰਫ਼ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਂਦੀ ਹੈ, ਸਗੋਂ ਉਨ੍ਹਾਂ ਦਾ ਕੀਮਤੀ ਸਮਾਨ, ਮੋਬਾਈਲ ਫੋਨ ਅਤੇ ਨਕਦੀ ਆਦਿ ਵੀ ਸੁਰੱਖਿਅਤ ਤਰੀਕੇ ਨਾਲ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਂਦੀ ਹੈ।

ਸੂਬਾ ਸਰਕਾਰ ਦੀ ਇਹ ਪਹਿਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਉਤਸ਼ਾਹਿਤ ਕਰਨ ਅਤੇ ਹਾਦਸਿਆਂ ਦੀ ਦਰ ਘਟਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਸੜਕ ਸੁਰੱਖਿਆ ਫੋਰਸ ਪੰਜਾਬ ਦੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਅਤੇ ਭਰੋਸੇਯੋਗ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਉਭਰੀ ਹੈ, ਜਿਸ ਨਾਲ ਲੋਕਾਂ ਵਿੱਚ ਸੁਰੱਖਿਆ ਅਤੇ ਭਰੋਸੇ ਦੀ ਭਾਵਨਾ ਹੋਰ ਮਜ਼ਬੂਤ ਹੋਈ ਹੈ।