ਆਇਰਨ ਦੀ ਕਮੀ ਹੋ ਸਕਦੀ ਹੈ ਖ਼ਤਰਨਾਕ, ਅਨੀਮੀਆ ਤੋਂ ਬਚਣ ਲਈ ਰਹੋ ਸਾਵਧਾਨ

ਅਕਸਰ ਲੋਕ ਆਮ ਗੱਲ ਸਮਝ ਕੇ ਅਣਡਿੱਠਾ ਕਰ ਦਿੰਦੇ ਹਨ। ਬਹੁਤੇ ਲੋਕ ਇਨ੍ਹਾਂ ਲੱਛਣਾਂ ਨੂੰ ਜ਼ਿਆਦਾ ਕੰਮ, ਤਣਾਅ ਜਾਂ ਨੀਂਦ ਦੀ ਕਮੀ ਨਾਲ ਜੋੜਦੇ ਹਨ, ਪਰ ਕਈ ਵਾਰ ਇਹ ਸਰੀਰ ਵਿੱਚ ਆਇਰਨ ਦੀ ਕਮੀ ਦਾ ਸੰਕੇਤ ਵੀ ਹੋ ਸਕਦੇ ਹਨ। ਆਇਰਨ ਇੱਕ ਮਹੱਤਵਪੂਰਨ ਪੋਸ਼ਕ ਤੱਤ ਹੈ, ਜਿਸ ਦੀ ਘਾਟ ਸਰੀਰ ਦੀ ਕਾਰਗੁਜ਼ਾਰੀ ’ਤੇ ਨਕਾਰਾਤਮਕ ਅਸਰ ਪਾ ਸਕਦੀ ਹੈ।

ਆਇਰਨ ਹੀਮੋਗਲੋਬਿਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਹੀਮੋਗਲੋਬਿਨ ਖੂਨ ਰਾਹੀਂ ਆਕਸੀਜਨ ਨੂੰ ਫੇਫੜਿਆਂ ਤੋਂ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਜਦੋਂ ਸਰੀਰ ਵਿੱਚ ਆਇਰਨ ਦੀ ਮਾਤਰਾ ਘਟ ਜਾਂਦੀ ਹੈ ਤਾਂ ਹੀਮੋਗਲੋਬਿਨ ਦਾ ਪੱਧਰ ਵੀ ਘੱਟ ਹੋ ਸਕਦਾ ਹੈ, ਜਿਸ ਨਾਲ ਸਰੀਰ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ ਅਤੇ ਵਿਅਕਤੀ ਹਰ ਵੇਲੇ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰ ਸਕਦਾ ਹੈ। ਲੰਬੇ ਸਮੇਂ ਤੱਕ ਇਹ ਕਮੀ ਰਹਿਣ ਨਾਲ ਅਨੀਮੀਆ ਦਾ ਖਤਰਾ ਵੀ ਵੱਧ ਜਾਂਦਾ ਹੈ।

ਆਇਰਨ ਦੀ ਘਾਟ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ, ਪਰ ਬੱਚਿਆਂ, ਕਿਸ਼ੋਰਾਂ, ਗਰਭਵਤੀ ਮਹਿਲਾਵਾਂ ਅਤੇ ਉਹਨਾਂ ਔਰਤਾਂ ਵਿੱਚ ਇਹ ਸਮੱਸਿਆ ਜ਼ਿਆਦਾ ਦੇਖੀ ਜਾਂਦੀ ਹੈ ਜਿਨ੍ਹਾਂ ਨੂੰ ਮਾਹਵਾਰੀ ਦੌਰਾਨ ਵੱਧ ਖੂਨ ਵਗਦਾ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਲੋਕਾਂ ਦੀ ਖੁਰਾਕ ਵਿੱਚ ਆਇਰਨ ਨਾਲ ਭਰਪੂਰ ਭੋਜਨ ਦੀ ਕਮੀ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਪਾਚਨ ਤੰਤਰ ਨਾਲ ਸੰਬੰਧਿਤ ਸਮੱਸਿਆਵਾਂ ਹਨ, ਉਨ੍ਹਾਂ ਵਿੱਚ ਵੀ ਇਸ ਦੀ ਘਾਟ ਹੋ ਸਕਦੀ ਹੈ।

ਵਾਰ-ਵਾਰ ਖੂਨ ਦਾਨ ਕਰਨਾ ਜਾਂ ਕਿਸੇ ਵੱਡੇ ਆਪਰੇਸ਼ਨ ਦੌਰਾਨ ਜ਼ਿਆਦਾ ਖੂਨ ਨਿਕਲ ਜਾਣਾ ਵੀ ਆਇਰਨ ਦੀ ਕਮੀ ਦਾ ਕਾਰਨ ਬਣ ਸਕਦਾ ਹੈ। ਇਸ ਲਈ ਜੇਕਰ ਇਹ ਸਮੱਸਿਆ ਬਾਰ-ਬਾਰ ਸਾਹਮਣੇ ਆ ਰਹੀ ਹੋਵੇ ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

ਆਇਰਨ ਦੀ ਘਾਟ ਦੇ ਆਮ ਲੱਛਣਾਂ ਵਿੱਚ ਲਗਾਤਾਰ ਥਕਾਵਟ, ਕਮਜ਼ੋਰੀ, ਚੱਕਰ ਆਉਣਾ, ਸਿਰ ਦਰਦ, ਸਾਹ ਚੜ੍ਹਨਾ ਅਤੇ ਥੋੜ੍ਹਾ ਕੰਮ ਕਰਨ ’ਤੇ ਹੀ ਥੱਕ ਜਾਣਾ ਸ਼ਾਮਲ ਹੈ। ਇਸ ਦਾ ਪ੍ਰਭਾਵ ਸਰੀਰ ਦੀ ਬਾਹਰੀ ਦਿੱਖ ’ਤੇ ਵੀ ਪੈ ਸਕਦਾ ਹੈ। ਚਮੜੀ ਫਿੱਕੀ ਦਿਖਾਈ ਦੇ ਸਕਦੀ ਹੈ, ਵਾਲ ਝੜ ਸਕਦੇ ਹਨ, ਨਹੁੰ ਕਮਜ਼ੋਰ ਹੋ ਸਕਦੇ ਹਨ ਅਤੇ ਹੱਥ-ਪੈਰ ਠੰਡੇ ਰਹਿ ਸਕਦੇ ਹਨ।

ਹਾਲਾਂਕਿ ਇਹ ਲੱਛਣ ਹੋਰ ਬਿਮਾਰੀਆਂ ਵਿੱਚ ਵੀ ਨਜ਼ਰ ਆ ਸਕਦੇ ਹਨ, ਇਸ ਲਈ ਖੁਦ ਨਤੀਜਾ ਕੱਢਣ ਦੀ ਬਜਾਏ ਸਹੀ ਜਾਂਚ ਕਰਵਾਉਣਾ ਜ਼ਰੂਰੀ ਹੈ। ਜੇਕਰ ਲੰਬੇ ਸਮੇਂ ਤੋਂ ਥਕਾਵਟ, ਕਮਜ਼ੋਰੀ ਜਾਂ ਸਾਹ ਫੁੱਲਣ ਵਰਗੀਆਂ ਸਮੱਸਿਆਵਾਂ ਮਹਿਸੂਸ ਹੋ ਰਹੀਆਂ ਹਨ ਤਾਂ ਡਾਕਟਰ ਨਾਲ ਸਲਾਹ ਕਰਕੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ।