Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ, 7 ਦਿਨਾਂ ’ਚ ਸੋਨਾ 12 ਹਜ਼ਾਰ ਤੇ ਚਾਂਦੀ 24 ਹਜ਼ਾਰ ਰੁਪਏ ਹੋਈ ਸਸਤੀ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਪਿਛਲੇ ਸੱਤ ਕਾਰੋਬਾਰੀ ਦਿਨਾਂ ਦੌਰਾਨ ਸੋਨੇ ਦੇ ਭਾਅ ਵਿੱਚ ਕਰੀਬ 12 ਹਜ਼ਾਰ ਰੁਪਏ ਅਤੇ ਚਾਂਦੀ ਦੀ ਕੀਮਤ ਵਿੱਚ ਲਗਪਗ 24 ਹਜ਼ਾਰ ਰੁਪਏ ਦੀ ਕਮੀ ਦਰਜ ਕੀਤੀ ਗਈ ਹੈ। ਇੰਡੀਅਨ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (IBJA) ਦੇ ਅੰਕੜਿਆਂ ਮੁਤਾਬਕ ਵੀਰਵਾਰ ਨੂੰ 24 ਕੈਰੇਟ ਸੋਨਾ 10 ਗ੍ਰਾਮ ਪਿੱਛੇ 1,179 ਰੁਪਏ ਸਸਤਾ ਹੋ ਕੇ 1.30 ਲੱਖ ਰੁਪਏ ਦੇ ਪੱਧਰ ਤੋਂ ਹੇਠਾਂ ਆ ਗਿਆ। ਉੱਧਰ, ਚਾਂਦੀ ਦੀ ਕੀਮਤ ਵਿੱਚ ਵੀ ਪ੍ਰਤੀ ਕਿਲੋ 2,158 ਰੁਪਏ ਦੀ ਕਮੀ ਆਈ ਅਤੇ ਇਸ ਦਾ ਭਾਅ 1.62 ਲੱਖ ਰੁਪਏ ਰਹਿ ਗਿਆ।
ਕੌਮਾਂਤਰੀ ਬਾਜ਼ਾਰ ਵਿੱਚ ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਰਿਕਾਰਡ ਪੱਧਰ ’ਤੇ ਪਹੁੰਚੀਆਂ ਕੀਮਤਾਂ ਤੋਂ ਬਾਅਦ ਵੱਡੇ ਨਿਵੇਸ਼ਕਾਂ ਵੱਲੋਂ ਮੁਨਾਫ਼ਾ ਵਸੂਲਣ ਲਈ ਕੀਤੀ ਜਾ ਰਹੀ ਵਿਕਰੀ ਨੂੰ ਇਸ ਗਿਰਾਵਟ ਦਾ ਅਹਿਮ ਕਾਰਨ ਦੱਸਿਆ ਜਾ ਰਿਹਾ ਹੈ।
ਰਿਕਾਰਡ ਪੱਧਰ ਤੋਂ ਕਾਫ਼ੀ ਹੇਠਾਂ ਆਏ ਸੋਨੇ ਅਤੇ ਚਾਂਦੀ ਦੇ ਭਾਅ
ਸਾਲ 2026 ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇ ਨਾਲ-ਨਾਲ ਵੱਡੀਆਂ ਗਿਰਾਵਟਾਂ ਵੀ ਦੇਖਣ ਨੂੰ ਮਿਲੀਆਂ ਹਨ। ਚਾਂਦੀ ਦੀ ਕੀਮਤ 31 ਦਸੰਬਰ 2025 ਨੂੰ 2.30 ਲੱਖ ਰੁਪਏ ਪ੍ਰਤੀ ਕਿਲੋ ਸੀ, ਜੋ 29 ਜਨਵਰੀ ਨੂੰ ਚੜ੍ਹ ਕੇ 3.80 ਲੱਖ ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਸੀ। ਪਰ ਇਸ ਤੋਂ ਬਾਅਦ ਚਾਂਦੀ ਦੇ ਭਾਅ ਵਿੱਚ ਕਰੀਬ 2.18 ਲੱਖ ਰੁਪਏ ਦੀ ਕਮੀ ਦਰਜ ਕੀਤੀ ਗਈ ਹੈ।
ਸੋਨੇ ਦੀ ਕੀਮਤ ਵਿੱਚ ਵੀ ਇਸੇ ਤਰ੍ਹਾਂ ਵੱਡਾ ਉਤਾਰ-ਚੜ੍ਹਾਅ ਆਇਆ ਹੈ। 31 ਦਸੰਬਰ 2025 ਨੂੰ 10 ਗ੍ਰਾਮ 24 ਕੈਰੇਟ ਸੋਨੇ ਦਾ ਭਾਅ 1.33 ਲੱਖ ਰੁਪਏ ਸੀ, ਜੋ 29 ਜਨਵਰੀ ਨੂੰ ਵਧ ਕੇ 1.76 ਲੱਖ ਰੁਪਏ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਸੋਨਾ ਲਗਪਗ 46 ਹਜ਼ਾਰ ਰੁਪਏ ਸਸਤਾ ਹੋ ਚੁੱਕਾ ਹੈ।
ਡਾਲਰ ਦੀ ਮਜ਼ਬੂਤੀ ਅਤੇ ਨਿਵੇਸ਼ਕਾਂ ਦੀ ਵਿਕਰੀ ਨੇ ਪਾਈਆਂ ਕੀਮਤਾਂ ’ਤੇ ਬ੍ਰੇਕਾਂ
ਬਾਜ਼ਾਰ ਮਾਹਿਰਾਂ ਮੁਤਾਬਕ ਸੋਨੇ ਦੀਆਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਪਿੱਛੇ ਤਿੰਨ ਪ੍ਰਮੁੱਖ ਕਾਰਨ ਹਨ।
- ਅਮਰੀਕੀ ਡਾਲਰ ਵਿੱਚ ਤੇਜ਼ੀ: ਡਾਲਰ ਮਜ਼ਬੂਤ ਹੋਣ ਕਾਰਨ ਦੂਜੇ ਦੇਸ਼ਾਂ ਦੇ ਖ਼ਰੀਦਦਾਰਾਂ ਲਈ ਸੋਨਾ ਖ਼ਰੀਦਣਾ ਮਹਿੰਗਾ ਹੋ ਜਾਂਦਾ ਹੈ। ਇਸ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀ ਮੰਗ ਪ੍ਰਭਾਵਿਤ ਹੁੰਦੀ ਹੈ।
- ਵਿਆਜ ਦਰਾਂ ਦਾ ਅਸਰ: ਅਮਰੀਕਾ ਵਿੱਚ ਵਿਆਜ ਦਰਾਂ ਉੱਚੀਆਂ ਰਹਿਣ ਕਾਰਨ ਨਿਵੇਸ਼ਕ ਸੋਨੇ ਦੀ ਬਜਾਏ ਬਾਂਡਾਂ ਅਤੇ ਬੈਂਕਾਂ ਵਿੱਚ ਜਮ੍ਹਾਂ ਰਕਮ ਰਾਹੀਂ ਵਧੀਆ ਰਿਟਰਨ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ।
- ਮੁਨਾਫ਼ਾ ਵਸੂਲੀ: ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਪਹੁੰਚਣ ਤੋਂ ਬਾਅਦ ਵੱਡੇ ਨਿਵੇਸ਼ਕਾਂ ਵੱਲੋਂ ਮੁਨਾਫ਼ਾ ਕਮਾਉਣ ਲਈ ਵਿਕਰੀ ਕੀਤੀ ਜਾ ਰਹੀ ਹੈ, ਜਿਸ ਨਾਲ ਕੀਮਤਾਂ ਹੇਠਾਂ ਆ ਰਹੀਆਂ ਹਨ।
ਦੂਜੇ ਪਾਸੇ, ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਲਈ ਉਦਯੋਗਿਕ ਮੰਗ ਵਿੱਚ ਕਮੀ, ਕੌਮਾਂਤਰੀ ਬਾਜ਼ਾਰ ਵਿੱਚ ਸਪਲਾਈ ਵਧਣ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਆ ਰਹੀ ਕਮੀ ਨੂੰ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਚਾਂਦੀ ਦੀ ਵਰਤੋਂ ਇਲੈਕਟ੍ਰਾਨਿਕ ਉਪਕਰਨਾਂ, ਸੂਰਜੀ ਊਰਜਾ ਪੈਨਲਾਂ ਅਤੇ ਹੋਰ ਉਦਯੋਗਿਕ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਹੁੰਦੀ ਹੈ। ਇਨ੍ਹਾਂ ਖੇਤਰਾਂ ਵਿੱਚ ਮੰਗ ਕਮਜ਼ੋਰ ਪੈਣ ਨਾਲ ਚਾਂਦੀ ਦੇ ਭਾਅ ’ਤੇ ਦਬਾਅ ਵਧਦਾ ਹੈ।
ਮਾਹਿਰਾਂ ਦੀ ਸਲਾਹ: ਇੱਕੋ ਵਾਰ ਵੱਡਾ ਨਿਵੇਸ਼ ਕਰਨ ਤੋਂ ਬਚੋ
ਕਮੋਡਿਟੀ ਮਾਹਿਰਾਂ ਦੀ ਸਲਾਹ ਹੈ ਕਿ ਮੌਜੂਦਾ ਬਾਜ਼ਾਰ ਦੀ ਸਥਿਤੀ ਨੂੰ ਦੇਖਦਿਆਂ ਸੋਨੇ ਅਤੇ ਚਾਂਦੀ ਦੀ ਖ਼ਰੀਦਦਾਰੀ ਇੱਕੋ ਵਾਰ ਵੱਡੀ ਰਕਮ ਲਗਾ ਕੇ ਕਰਨ ਦੀ ਬਜਾਏ ਪੜਾਅਵਾਰ ਕਰਨੀ ਚਾਹੀਦੀ ਹੈ।
ਮਾਹਿਰਾਂ ਅਨੁਸਾਰ ਨਿਵੇਸ਼ਕ ਕੁਝ ਖ਼ਰੀਦਦਾਰੀ ਮੌਜੂਦਾ ਕੀਮਤਾਂ ’ਤੇ ਕਰ ਸਕਦੇ ਹਨ ਅਤੇ ਬਾਕੀ ਰਕਮ ਨੂੰ ਇੱਕ ਮਹੀਨੇ ਦੇ ਵਕਫ਼ੇ ਨਾਲ ਨਿਵੇਸ਼ ਕਰ ਸਕਦੇ ਹਨ। ਇਸ ਦੇ ਨਾਲ ਹੀ ਨਿਵੇਸ਼ਕਾਂ ਨੂੰ ਥੋੜ੍ਹੇ ਸਮੇਂ ਦੇ ਉਤਾਰ-ਚੜ੍ਹਾਅ ਦੀ ਬਜਾਏ ਛੇ ਮਹੀਨਿਆਂ ਤੋਂ ਇੱਕ ਸਾਲ ਤੱਕ ਦਾ ਨਜ਼ਰੀਆ ਰੱਖਣਾ ਚਾਹੀਦਾ ਹੈ।
ਸੋਨੇ ਦੇ ਗਹਿਣੇ ਖ਼ਰੀਦਣ ਸਮੇਂ ਹਾਲਮਾਰਕ ਦੀ ਕਰੋ ਜਾਂਚ
ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਬਾਵਜੂਦ ਗਹਿਣੇ ਖ਼ਰੀਦਣ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ। ਗਹਿਣੇ ਹਮੇਸ਼ਾ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦਾ ਹਾਲਮਾਰਕ ਲੱਗੇ ਹੋਏ ਹੀ ਖ਼ਰੀਦਣੇ ਚਾਹੀਦੇ ਹਨ। ਹਾਲਮਾਰਕ ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ।
ਇਸ ਤੋਂ ਇਲਾਵਾ ਗਹਿਣੇ ਖ਼ਰੀਦਣ ਤੋਂ ਪਹਿਲਾਂ ਉਸ ਦਿਨ ਦਾ ਸੋਨੇ ਦਾ ਬਾਜ਼ਾਰੀ ਭਾਅ IBJA ਵਰਗੇ ਭਰੋਸੇਯੋਗ ਸਰੋਤਾਂ ਤੋਂ ਜ਼ਰੂਰ ਪਤਾ ਕਰ ਲੈਣਾ ਚਾਹੀਦਾ ਹੈ। ਧਿਆਨ ਰਹੇ ਕਿ 24, 22 ਅਤੇ 18 ਕੈਰੇਟ ਸੋਨੇ ਦੀ ਸ਼ੁੱਧਤਾ ਅਤੇ ਕੀਮਤ ਵੱਖ-ਵੱਖ ਹੁੰਦੀ ਹੈ। ਇਸ ਲਈ ਖ਼ਰੀਦਦਾਰੀ ਸਮੇਂ ਕੈਰੇਟ ਦੇ ਨਾਲ-ਨਾਲ ਹ







