ਔਨਲਾਈਨ ਬਾਲ ਸ਼ੋਸ਼ਣ ਗਰੋਹ ਚਲਾਉਣ ਦੇ ਦੋਸ਼ਾਂ ’ਚ ਰੋਹਨ ਰਾਣੇ ਕਟਹਿਰੇ ’ਚ

ਪੈਰਿਸ ਦੀ ਇੱਕ ਅਦਾਲਤ ਵਿੱਚ ਸੋਮਵਾਰ ਨੂੰ ਭਾਰਤੀ ਮੂਲ ਦੇ ਇੱਕ ਨੌਜਵਾਨ ਖ਼ਿਲਾਫ਼ ਗੰਭੀਰ ਦੋਸ਼ਾਂ ਨਾਲ ਜੁੜੇ ਮਾਮਲੇ ਦੀ ਸੁਣਵਾਈ ਬੰਦ ਕਮਰੇ ਅੰਦਰ ਸ਼ੁਰੂ ਹੋ ਗਈ। ਮੁਲਜ਼ਮ ’ਤੇ ਦੋਸ਼ ਹੈ ਕਿ ਉਹ ਇੱਕ ਔਨਲਾਈਨ ਨਿਓ-ਨਾਜ਼ੀ ਨੈੱਟਵਰਕ ਨਾਲ ਜੁੜਿਆ ਹੋਇਆ ਸੀ, ਜੋ ਨਾਬਾਲਗ ਕੁੜੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰਭਾਵਿਤ ਕਰਕੇ ਉਨ੍ਹਾਂ ਨੂੰ ਜਿਨਸੀ ਅਪਰਾਧਾਂ ਅਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਰਕਤਾਂ ਲਈ ਉਕਸਾਉਂਦਾ ਸੀ।

ਅਧਿਕਾਰੀਆਂ ਮੁਤਾਬਕ 29 ਸਾਲਾ ਰੋਹਨ ਰਾਨੇ ਭਾਰਤ ਦਾ ਨਾਗਰਿਕ ਹੈ, ਜੋ ਪੜ੍ਹਾਈ ਲਈ ਫਰਾਂਸ ਦੇ ਐਂਟੀਬਜ਼ ਸ਼ਹਿਰ ਗਿਆ ਸੀ। ਉੱਥੇ ਉਸ ਨੇ ਇੱਕ ਬਿਜ਼ਨਸ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਫਿਟਨੈਸ ਟ੍ਰੇਨਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਉਹ CVLT ਨਾਮਕ ਇੱਕ ਅੰਤਰਰਾਸ਼ਟਰੀ ਨਿਓ-ਨਾਜ਼ੀ ਅਤੇ ਨਿਹਿਲਿਸਟਿਕ ਔਨਲਾਈਨ ਗਰੁੱਪ ਦੇ ਮੁੱਖ ਮੈਂਬਰਾਂ ਵਿੱਚੋਂ ਇੱਕ ਸੀ ਅਤੇ Discord ਪਲੇਟਫਾਰਮ ’ਤੇ ਇਸ ਦੀਆਂ ਗਤੀਵਿਧੀਆਂ ਨੂੰ ਸੰਭਾਲਦਾ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਨੈੱਟਵਰਕ ਦੇ ਮੈਂਬਰ ਕਈ ਦੇਸ਼ਾਂ ਵਿੱਚ ਸਰਗਰਮ ਸਨ ਅਤੇ ਇਸ ਦਾ ਨਿਸ਼ਾਨਾ ਖ਼ਾਸ ਤੌਰ ’ਤੇ ਅਮਰੀਕਾ, ਬ੍ਰਿਟੇਨ, ਨੀਦਰਲੈਂਡ ਅਤੇ ਐਸਟੋਨੀਆ ਦੀਆਂ ਨਾਬਾਲਗ ਕੁੜੀਆਂ ਬਣਦੀਆਂ ਸਨ। ਇਸ ਮਾਮਲੇ ਨਾਲ ਸੰਬੰਧਿਤ ਹੋਰ ਸ਼ੱਕੀ ਵਿਅਕਤੀਆਂ ਦੇ ਜਰਮਨੀ, ਨਿਊਜ਼ੀਲੈਂਡ ਅਤੇ ਅਮਰੀਕਾ ਨਾਲ ਸਬੰਧ ਹੋਣ ਦੀ ਵੀ ਜਾਣਕਾਰੀ ਮਿਲੀ ਹੈ।

ਅਧਿਕਾਰੀਆਂ ਅਨੁਸਾਰ ਇਹ ਗਰੁੱਪ ਨਸਲਵਾਦੀ ਅਤੇ ਕੱਟੜਪੰਥੀ ਵਿਚਾਰਧਾਰਾ ਦਾ ਪ੍ਰਚਾਰ ਕਰਦਾ ਸੀ ਅਤੇ ਯਹੂਦੀਆਂ, ਔਰਤਾਂ ਅਤੇ LGBTQ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਪ੍ਰਚਾਰ ਕਰਨ ਲਈ ਜਾਣਿਆ ਜਾਂਦਾ ਸੀ। ਇਸ ਮਾਮਲੇ ਦਾ ਪਰਦਾਫਾਸ਼ 2020 ਦੇ ਅੰਤ ਵਿੱਚ ਉਸ ਵੇਲੇ ਹੋਇਆ ਜਦੋਂ ਅਮਰੀਕਾ ਦੀ ਸੰਸਥਾ ‘ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਡ ਚਿਲਡਰਨ’ ਨੂੰ ਨਾਬਾਲਗਾਂ ਨਾਲ ਸਬੰਧਤ ਸ਼ੱਕੀ ਸਮੱਗਰੀ ਪ੍ਰਾਪਤ ਹੋਈ। ਇਸ ਤੋਂ ਬਾਅਦ ਕਈ ਦੇਸ਼ਾਂ ਦੀਆਂ ਏਜੰਸੀਆਂ ਵੱਲੋਂ ਸਾਂਝੀ ਜਾਂਚ ਸ਼ੁਰੂ ਕੀਤੀ ਗਈ ਅਤੇ 2021 ਵਿੱਚ ਰੋਹਨ ਰਾਨੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੀੜਤਾਂ ਦੇ ਨਾਬਾਲਗ ਹੋਣ ਕਾਰਨ ਅਦਾਲਤ ਨੇ ਸੁਣਵਾਈ ਨੂੰ ਗੁਪਤ ਰੱਖਣ ਦਾ ਫ਼ੈਸਲਾ ਕੀਤਾ ਹੈ। ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਗਰੁੱਪ ਔਨਲਾਈਨ ਮਾਧਿਅਮ ਰਾਹੀਂ ਬੱਚਿਆਂ ਨੂੰ ਡਰਾ-ਧਮਕਾ ਕੇ ਅਤੇ ਬਲੈਕਮੇਲ ਕਰਕੇ ਆਪਣੇ ਜਾਲ ਵਿੱਚ ਫਸਾਉਂਦਾ ਸੀ। ਦੂਜੇ ਪਾਸੇ ਰੋਹਨ ਰਾਨੇ ਨੇ ਆਪਣੇ ਖ਼ਿਲਾਫ਼ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।