US Halloween Shootings: ਅਮਰੀਕਾ ’ਚ ਹੈਲੋਵੀਨ ਦੌਰਾਨ ਗੋਲੀਬਾਰੀ ਦੀਆਂ ਕਈ ਘਟਨਾਵਾਂ, ਡਲਾਸ ’ਚ 6 ਲੋਕਾਂ ਦੀ ਮੌਤ
ਡਲਾਸ ਵਿੱਚ ਤਿੰਨ ਵੱਖ-ਵੱਖ ਥਾਵਾਂ ’ਤੇ ਚੱਲੀਆਂ ਗੋਲੀਆਂ; ਅਲਾਬਾਮਾ, ਡੇਲਾਵੇਅਰ, ਇਲੀਨੋਇਸ ਸਮੇਤ ਕਈ ਸੂਬਿਆਂ ’ਚ ਹਿੰਸਕ ਵਾਰਦਾਤਾਂ, ਦਰਜਨਾਂ ਜ਼ਖ਼ਮੀ
ਵਾਸ਼ਿੰਗਟਨ/ਡਲਾਸ: ਅਮਰੀਕਾ ਵਿੱਚ ਹੈਲੋਵੀਨ ਦੇ ਤਿਉਹਾਰ ਦੌਰਾਨ ਹਫ਼ਤੇ ਦੇ ਅਖ਼ੀਰ ਵਿੱਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਟੈਕਸਾਸ ਦੇ ਡਲਾਸ ਸ਼ਹਿਰ ਵਿੱਚ ਤਿੰਨ ਵੱਖ-ਵੱਖ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ ਛੇ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ।
ਡਲਾਸ ਦੇ ਪੁਲੀਸ ਮੁਖੀ ਡੈਨੀਅਲ ਕੋਮੌਕਸ ਨੇ ਦੱਸਿਆ ਕਿ ਪੁਲੀਸ ਵੱਲੋਂ ਇਨ੍ਹਾਂ ਤਿੰਨਾਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਇਹ ਪਤਾ ਲਗਾਉਣ ਵਿੱਚ ਜੁਟੇ ਹੋਏ ਹਨ ਕਿ ਕੀ ਇਹ ਵਾਰਦਾਤਾਂ ਆਪਸ ਵਿੱਚ ਸਬੰਧਤ ਸਨ ਜਾਂ ਵੱਖ-ਵੱਖ ਕਾਰਨਾਂ ਕਰਕੇ ਵਾਪਰੀਆਂ।
ਉਨ੍ਹਾਂ ਮੁਤਾਬਕ ਗੋਲੀਬਾਰੀ ਦੇ ਕਾਰਨਾਂ ਬਾਰੇ ਅਜੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲੀਸ ਨੇ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਪਰ ਗ੍ਰਿਫ਼ਤਾਰੀਆਂ ਦੀ ਗਿਣਤੀ ਅਤੇ ਲਗਾਏ ਗਏ ਦੋਸ਼ਾਂ ਬਾਰੇ ਵੇਰਵੇ ਜਾਰੀ ਨਹੀਂ ਕੀਤੇ ਗਏ।
ਅਲਾਬਾਮਾ ਵਿੱਚ ਫੁਟਬਾਲ ਮੈਚ ਦੌਰਾਨ ਗੋਲੀਬਾਰੀ
ਅਲਾਬਾਮਾ ਵਿੱਚ ਦੋ ਯੂਨੀਵਰਸਿਟੀਆਂ ਵਿਚਾਲੇ ਖੇਡੇ ਜਾ ਰਹੇ ਫੁਟਬਾਲ ਮੈਚ ਦੌਰਾਨ ਵੀ ਗੋਲੀਬਾਰੀ ਦੀ ਘਟਨਾ ਵਾਪਰੀ।
ਪੁਲੀਸ ਦੇ ਬੁਲਾਰੇ ਡੀ’ਰੇਲ ਫਰੀਮੈਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਲਈ ਪੁਲੀਸ ਹੈੱਡਕੁਆਰਟਰ ਲਿਜਾਇਆ ਗਿਆ ਹੈ। ਘਟਨਾ ਵਾਲੀ ਥਾਂ ਤੋਂ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਡੇਲਾਵੇਅਰ ਯੂਨੀਵਰਸਿਟੀ ਨੇੜੇ ਛੇ ਵਿਅਕਤੀ ਜ਼ਖ਼ਮੀ
ਡੇਲਾਵੇਅਰ ਸੂਬੇ ਦੇ ਨੇਵਾਰਕ ਸ਼ਹਿਰ ਵਿੱਚ ਯੂਨੀਵਰਸਿਟੀ ਆਫ ਡੇਲਾਵੇਅਰ ਦੇ ਕੈਂਪਸ ਨੇੜੇ ਸ਼ਨਿੱਚਰਵਾਰ ਦੇਰ ਰਾਤ ਹੋਈ ਗੋਲੀਬਾਰੀ ਵਿੱਚ ਛੇ ਵਿਅਕਤੀ ਜ਼ਖ਼ਮੀ ਹੋ ਗਏ।
ਪੁਲੀਸ ਅਨੁਸਾਰ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਐਤਵਾਰ ਦੁਪਹਿਰ ਤੱਕ ਉਨ੍ਹਾਂ ਦੀ ਸਿਹਤ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਸੀ।
ਵਾਰਦਾਤ ਤੋਂ ਬਾਅਦ ਸ਼ਹਿਰ ਦੀ ਮੇਨ ਸਟਰੀਟ ਦਾ ਇੱਕ ਹਿੱਸਾ ਕਈ ਘੰਟਿਆਂ ਲਈ ਆਵਾਜਾਈ ਵਾਸਤੇ ਬੰਦ ਰੱਖਿਆ ਗਿਆ। ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਲੋਕਾਂ ਨੂੰ ਗੋਲੀਬਾਰੀ ਤੋਂ ਬਚਣ ਲਈ ਭੱਜਦੇ ਦੇਖਿਆ ਗਿਆ।
ਇਲੀਨੋਇਸ ਵਿੱਚ 19 ਸਾਲਾ ਲੜਕੀ ਦੀ ਮੌਤ
ਇਲੀਨੋਇਸ ਸੂਬੇ ਦੇ ਬਲੂਮਿੰਗਟਨ ਸ਼ਹਿਰ ਵਿੱਚ ਐਤਵਾਰ ਤੜਕੇ ਹੋਈ ਗੋਲੀਬਾਰੀ ਦੌਰਾਨ 19 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਇਸ ਘਟਨਾ ਵਿੱਚ ਛੇ ਹੋਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਉਨ੍ਹਾਂ ਨੂੰ ਗੋਲੀਆਂ ਲੱਗੀਆਂ ਸਨ ਜਾਂ ਕਿਸੇ ਹੋਰ ਕਾਰਨ ਸੱਟਾਂ ਆਈਆਂ।
ਇਹ ਵਾਰਦਾਤ ਇਲੀਨੋਇਸ ਵੇਸਲੀਅਨ ਯੂਨੀਵਰਸਿਟੀ ਦੇ ਕੈਂਪਸ ਨੇੜੇ ਵਾਪਰੀ।
ਅਰਕਾਨਸਾਸ ਵਿੱਚ ਝਗੜੇ ਮਗਰੋਂ ਚੱਲੀਆਂ ਗੋਲੀਆਂ
ਅਰਕਾਨਸਾਸ ਦੇ ਫੇਅਟਵਿਲੇ ਸ਼ਹਿਰ ਵਿੱਚ ਐਤਵਾਰ ਤੜਕੇ ਹੋਈ ਗੋਲੀਬਾਰੀ ਵਿੱਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਪੁਲੀਸ ਦੀ ਮੁੱਢਲੀ ਜਾਂਚ ਮੁਤਾਬਕ ਗੋਲੀਬਾਰੀ ਤੋਂ ਪਹਿਲਾਂ ਕੁਝ ਵਿਅਕਤੀਆਂ ਵਿਚਾਲੇ ਝਗੜਾ ਹੋਇਆ ਸੀ। ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਕੈਲੀਫੋਰਨੀਆ ਅਤੇ ਮਿਸ਼ੀਗਨ ਦੇ ਹੈਲੋਵੀਨ ਸਟੋਰਾਂ ’ਚ ਦੋ ਮੌਤਾਂ
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਅਤੇ ਮਿਸ਼ੀਗਨ ਦੇ ‘ਸਪਿਰਿਟ ਹੈਲੋਵੀਨ’ ਸਟੋਰਾਂ ਵਿੱਚ ਵਾਪਰੀਆਂ ਦੋ ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ।
ਕੈਲੀਫੋਰਨੀਆ ਦੇ ਫੇਅਰਫੀਲਡ ਵਿੱਚ ਇੱਕ ਇਨਡੋਰ ਸ਼ਾਪਿੰਗ ਮਾਲ ਦੇ ਸਟੋਰ ਅੰਦਰ ਹੋਈ ਗੋਲੀਬਾਰੀ ਵਿੱਚ 31 ਸਾਲਾ ਔਰਤ ਦੀ ਜਾਨ ਚਲੀ ਗਈ ਅਤੇ ਛੇ ਹੋਰ ਵਿਅਕਤੀ ਜ਼ਖ਼ਮੀ ਹੋ ਗਏ।
ਪੁਲੀਸ ਨੇ ਇਸ ਵਾਰਦਾਤ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਦੱਸਿਆ ਹੈ। ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਗਰਭਵਤੀ ਸੀ।
ਇਸੇ ਤਰ੍ਹਾਂ ਮਿਸ਼ੀਗਨ ਦੇ ਮੈਡੀਸਨ ਹਾਈਟਸ ਵਿੱਚ ਸ਼ੁੱਕਰਵਾਰ ਦੁਪਹਿਰ ਇੱਕ ਸਪਿਰਿਟ ਹੈਲੋਵੀਨ ਸਟੋਰ ਅੰਦਰ 21 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਪੁਲੀਸ ਅਨੁਸਾਰ ਇਸ ਘਟਨਾ ਨਾਲ ਸਬੰਧਤ ਇੱਕ ਹੋਰ ਵਿਅਕਤੀ ਨੂੰ ਹਿਰਾਸਤ ਵਿੱਚ ਲਏ ਜਾਣ ਸਮੇਂ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀਆਂ ਸੱਟਾਂ ਜਾਨਲੇਵਾ ਨਹੀਂ ਦੱਸੀਆਂ ਗਈਆਂ।
ਹੈਲੋਵੀਨ ਦੇ ਹਫ਼ਤੇ ਦੌਰਾਨ ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿੱਚ ਵਾਪਰੀਆਂ ਇਨ੍ਹਾਂ ਹਿੰਸਕ ਘਟਨਾਵਾਂ ਦੀ ਪੁਲੀਸ ਵੱਲੋਂ ਜਾਂਚ ਜਾਰੀ ਹੈ।







