Punjab SIR: ਧਰਮਵੀਰ ਗਾਂਧੀ ਤੇ ਪਰਿਵਾਰ ਦੇ ਨਾਂ ਵੋਟਰ ਸੂਚੀ ’ਚ ਮੌਜੂਦ, ਚੋਣ ਕਮਿਸ਼ਨ ਨੇ ਰਿਪੋਰਟਾਂ ਨੂੰ ਦੱਸਿਆ ਗਲਤ
ਪਟਿਆਲਾ: ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (Special Intensive Revision) ਦੌਰਾਨ ਵੋਟਾਂ ਕੱਟੇ ਜਾਣ ਨਾਲ ਜੁੜੀਆਂ ਖ਼ਬਰਾਂ ਵਿਚਕਾਰ ਹੁਣ ਚੋਣ ਕਮਿਸ਼ਨ ਨੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਗਾਇਬ ਹੋਣ ਸਬੰਧੀ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ।
ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ 13 ਅਗਸਤ 2026 ਨੂੰ ਜਾਰੀ ਕੀਤੀ ਗਈ ਖਰੜਾ ਵੋਟਰ ਸੂਚੀ ਦਾ ਹਿੱਸਾ ਹਨ। ਇਸ ਸਬੰਧੀ ਸਾਹਮਣੇ ਆਈਆਂ ਉਨ੍ਹਾਂ ਰਿਪੋਰਟਾਂ ਨੂੰ ਕਮਿਸ਼ਨ ਨੇ ਗਲਤ ਦੱਸਿਆ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ SIR ਦੌਰਾਨ ਉਨ੍ਹਾਂ ਦੇ ਨਾਂ ਸੂਚੀ ਵਿੱਚੋਂ ਹਟ ਗਏ ਹਨ।
ਕਮਿਸ਼ਨ ਮੁਤਾਬਕ ਡਾ. ਧਰਮਵੀਰ ਗਾਂਧੀ ਦੇ ਨਾਲ ਉਨ੍ਹਾਂ ਦੀ ਪਤਨੀ ਜਗਦੰਬਾ ਕੌਸ਼ਲ, ਧੀ ਰੋਹਣੀ ਪਰਾਸ਼ਰ, ਨੂੰਹ ਚਾਹਤ ਸਾਹੂਜਾ ਅਤੇ ਪੁੱਤਰ ਨਬੇਂਦੂ ਦੇ ਨਾਂ ਵੀ ਵੋਟਰ ਸੂਚੀ ਵਿੱਚ ਦਰਜ ਹਨ।
ਚੋਣ ਕਮਿਸ਼ਨ ਨੇ ਦੱਸਿਆ ਕਿ ਇਹ ਸਾਰੇ ਵੋਟਰ ਵਿਧਾਨ ਸਭਾ ਹਲਕਾ ਨੰਬਰ 115-ਪਟਿਆਲਾ ਦੇ ਭਾਗ ਨੰਬਰ 98 ਵਿੱਚ ਦਰਜ ਹਨ। ਉਨ੍ਹਾਂ ਦੇ ਨਾਂ ਵੋਟਰ ਸੂਚੀ ਵਿੱਚ ਲੜੀ ਨੰਬਰ 44 ਤੋਂ 48 ਤੱਕ ਦਰਜ ਕੀਤੇ ਗਏ ਹਨ।
ਇਸ ਤਰ੍ਹਾਂ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ SIR ਤਹਿਤ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ਵਿੱਚ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਮੌਜੂਦ ਹਨ ਅਤੇ ਉਨ੍ਹਾਂ ਦੇ ਨਾਂ ਗਾਇਬ ਹੋਣ ਸਬੰਧੀ ਕੀਤੇ ਗਏ ਦਾਅਵੇ ਤੱਥਾਂ ’ਤੇ ਆਧਾਰਿਤ ਨਹੀਂ ਹਨ।







