PM ਮੋਦੀ ਨੇ ਕੈਪਟਨ ਸਮਿਤ ਨਾਲ ਕੀਤੀ ਗੱਲ, ਮੁਸ਼ਕਲ ਹਾਲਾਤ ’ਚ ਬਹਾਦਰੀ ਦੀ ਕੀਤੀ ਤਾਰੀਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤੀ ਪਾਇਲਟ ਕੈਪਟਨ ਸਮਿਤ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਮੁਸ਼ਕਲ ਹਾਲਾਤ ਵਿੱਚ ਦਿਖਾਈ ਹਿੰਮਤ ਅਤੇ ਸੂਝ-ਬੂਝ ਦੀ ਸ਼ਲਾਘਾ ਕੀਤੀ। ਇਜ਼ਰਾਈਲ ਜਾ ਰਹੀ ਉਡਾਣ ਦੌਰਾਨ ਪੈਦਾ ਹੋਈ ਗੰਭੀਰ ਸਥਿਤੀ ਵਿੱਚ ਕੈਪਟਨ ਸਮਿਤ ਨੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ 174 ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਪ੍ਰਧਾਨ ਮੰਤਰੀ ਨੇ ਕੈਪਟਨ ਸਮਿਤ ਨਾਲ ਗੱਲ ਕਰਦਿਆਂ ਕਿਹਾ ਕਿ ਦੇਸ਼ ਦੇ ਲੋਕ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ। ਉਨ੍ਹਾਂ ਨੇ ਕੈਪਟਨ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਿਆਂ ਮਹਾਮ੍ਰਿਤੁੰਜਯ ਮੰਤਰ ਦੇ ਜਾਪ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਰਵਾਇਤ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਨਹੀਂ, ਸਗੋਂ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਦੂਜਿਆਂ ਦੀ ਰੱਖਿਆ ਕਰਨ ਦੀ ਰਹੀ ਹੈ।

17 ਸਾਲਾਂ ਦੇ ਉਡਾਣ ਤਜਰਬੇ ਅਤੇ ਰੱਬ ਦੀ ਮਿਹਰ ਦਾ ਜ਼ਿਕਰ

ਗੱਲਬਾਤ ਦੌਰਾਨ ਕੈਪਟਨ ਸਮਿਤ ਨੇ ਦੱਸਿਆ ਕਿ ਹਾਦਸੇ ਦੇ ਖ਼ਤਰੇ ਵਾਲੀ ਉਸ ਘੜੀ ਵਿੱਚ ਉਹ ਹਨੂਮਾਨ ਚਾਲੀਸਾ ਦਾ ਪਾਠ ਕਰ ਰਹੇ ਸਨ। ਉਨ੍ਹਾਂ ਮੁਤਾਬਕ ਰੱਬ ਦੀ ਕਿਰਪਾ ਦੇ ਨਾਲ-ਨਾਲ 17 ਸਾਲਾਂ ਦੇ ਉਡਾਣ ਤਜਰਬੇ ਨੇ ਵੀ ਉਨ੍ਹਾਂ ਨੂੰ ਉਸ ਔਖੀ ਸਥਿਤੀ ਨਾਲ ਨਜਿੱਠਣ ਵਿੱਚ ਮਦਦ ਕੀਤੀ।

ਕੈਪਟਨ ਸਮਿਤ ਨੇ ਦੱਸਿਆ ਕਿ ਅੱਖਾਂ ਬੰਦ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜਹਾਜ਼ ਦੀ ਸਥਿਤੀ ਅਤੇ ਉਸ ਨਾਲ ਜੁੜੇ ਹਾਲਾਤਾਂ ਦਾ ਅਹਿਸਾਸ ਹੋ ਰਿਹਾ ਸੀ। ਇਸੇ ਸੂਝ-ਬੂਝ ਅਤੇ ਤਜਰਬੇ ਦੇ ਆਧਾਰ ’ਤੇ ਉਹ ਆਖਰੀ ਪਲਾਂ ਵਿੱਚ ਦਰਵਾਜ਼ਾ ਖੋਲ੍ਹਣ ਵਿੱਚ ਸਫ਼ਲ ਰਹੇ, ਜਿਸ ਨਾਲ ਇੱਕ ਵੱਡੇ ਹਾਦਸੇ ਨੂੰ ਟਾਲਣ ਵਿੱਚ ਮਦਦ ਮਿਲੀ ਅਤੇ ਯਾਤਰੀਆਂ ਦੀ ਜਾਨ ਬਚ ਸਕੀ।