ਚਿਤਕਾਰਾ ਯੂਨੀਵਰਸਿਟੀ ਵਿਵਾਦ ’ਚ ਦੋ ਗ੍ਰਿਫ਼ਤਾਰ, ਪੁਲੀਸ ਨੇ ਤੇਜ਼ ਕੀਤੀ ਜਾਂਚ

ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ 25-26 ਸਤੰਬਰ ਦੀ ਦਰਮਿਆਨੀ ਰਾਤ ਵਾਪਰੀ ਵਿਦਿਆਰਥੀ ਹੰਗਾਮੇ ਦੀ ਘਟਨਾ ਸਬੰਧੀ ਪਟਿਆਲਾ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਦੋਵਾਂ ’ਤੇ ਸੋਸ਼ਲ ਮੀਡੀਆ ਰਾਹੀਂ ਕਥਿਤ ਤੌਰ ’ਤੇ ਗੁੰਮਰਾਹਕੁੰਨ ਅਫਵਾਹਾਂ ਅਤੇ ਸੁਨੇਹੇ ਫੈਲਾ ਕੇ ਵਿਦਿਆਰਥੀਆਂ ਨੂੰ ਭੜਕਾਉਣ ਦੇ ਦੋਸ਼ ਹਨ।

ਪਟਿਆਲਾ ਪੁਲੀਸ ਦੇ ਬੁਲਾਰੇ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨੰਗਲ ਵਾਸੀ ਹਿਮਾਂਸ਼ੂ ਅਤੇ ਅੰਬਾਲਾ ਵਾਸੀ ਆਰੀਅਨ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਥਾਣਾ ਬਨੂੜ ਵਿੱਚ ਐੱਫਆਈਆਰ ਦਰਜ ਕਰਕੇ ਮਾਮਲੇ ਦੀ ਵਿਆਪਕ ਜਾਂਚ ਸ਼ੁਰੂ ਕੀਤੀ ਗਈ ਸੀ।

ਜਾਂਚ ਦੌਰਾਨ ਪੁਲੀਸ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕੀਤੀਆਂ ਗਈਆਂ ਪੋਸਟਾਂ, ਗਤੀਵਿਧੀਆਂ ਅਤੇ ਕਥਿਤ ਫ਼ਰਜ਼ੀ ਸੁਨੇਹਿਆਂ ਦੀ ਜਾਂਚ ਕੀਤੀ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਹਿਮਾਂਸ਼ੂ ਅਤੇ ਆਰੀਅਨ ਨੇ ਵੱਖ-ਵੱਖ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਕਥਿਤ ਤੌਰ ’ਤੇ ਗੁੰਮਰਾਹਕੁੰਨ ਸੁਨੇਹੇ ਸਾਂਝੇ ਕਰਕੇ ਵਿਦਿਆਰਥੀਆਂ ਨੂੰ ਉਕਸਾਇਆ। ਪੁਲੀਸ ਮੁਤਾਬਕ ਇਸ ਕਾਰਨ ਯੂਨੀਵਰਸਿਟੀ ਕੈਂਪਸ ਵਿੱਚ ਤਣਾਅ ਵਧਣ ਵਿੱਚ ਯੋਗਦਾਨ ਪਿਆ।

ਪੁਲੀਸ ਅਨੁਸਾਰ ਇਸ ਮਾਮਲੇ ਵਿੱਚ ਹੁਣ ਤੱਕ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਐੱਫਆਈਆਰ ਵਿੱਚ 10 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ। ਗੁੰਮਰਾਹਕੁੰਨ ਜਾਣਕਾਰੀ ਫੈਲਾਉਣ, ਵਿਦਿਆਰਥੀਆਂ ਨੂੰ ਉਕਸਾਉਣ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪੈਦਾ ਕਰਨ ਨਾਲ ਸਬੰਧਿਤ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਹਰੇਕ ਵਿਅਕਤੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।