MBBS Admissions: ਡਬਲ ਸੀਟ ਹਾਸਲ ਕਰਨ ਦੀ ਕੋਸ਼ਿਸ਼ ਪਈ ਭਾਰੀ, 25 ਉਮੀਦਵਾਰ ਦਾਖ਼ਲਾ ਪ੍ਰਕਿਰਿਆ ਤੋਂ ਬਾਹਰ

MBBS Admissions: ‘ਡਬਲ ਡੋਮਸਿਲ’ ’ਤੇ ਬਾਬਾ ਫ਼ਰੀਦ ਯੂਨੀਵਰਸਿਟੀ ਦੀ ਸਖ਼ਤੀ, 25 ਉਮੀਦਵਾਰ ਸਟੇਟ ਕੋਟੇ ਦੀ ਦੌੜ ਤੋਂ ਬਾਹਰ

ਫਰੀਦਕੋਟ: ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਐਮ.ਬੀ.ਬੀ.ਐੱਸ. ਦਾਖ਼ਲਿਆਂ ਸਬੰਧੀ ਵੱਡੀ ਕਾਰਵਾਈ ਕੀਤੀ ਗਈ ਹੈ। ਯੂਨੀਵਰਸਿਟੀ ਨੇ 2026-27 ਦੇ ਅਕਾਦਮਿਕ ਸੈਸ਼ਨ ਲਈ 85 ਫ਼ੀਸਦੀ ਪੰਜਾਬ ਸਟੇਟ ਕੋਟੇ ਦੀਆਂ ਸੀਟਾਂ ਲਈ 25 ਉਮੀਦਵਾਰਾਂ ਨੂੰ ਵਿਚਾਰ ਤੋਂ ਬਾਹਰ ਕਰ ਦਿੱਤਾ ਹੈ। ਜਾਂਚ ਦੌਰਾਨ ਇਹ ਉਮੀਦਵਾਰ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਟੇਟ ਕੋਟਾ ਸੀਟਾਂ ਲਈ ਵੀ ਅਪਲਾਈ ਕਰਦੇ ਪਾਏ ਗਏ।

ਯੂਨੀਵਰਸਿਟੀ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਇਨ੍ਹਾਂ ਉਮੀਦਵਾਰਾਂ ਨੇ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਕਰਨਾਟਕ, ਅਸਾਮ, ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਉੱਤਰਾਖੰਡ ਦੀਆਂ ਸਟੇਟ ਕੋਟਾ ਸੀਟਾਂ ਲਈ ਵੀ ਅਰਜ਼ੀਆਂ ਦਿੱਤੀਆਂ ਸਨ। 25 ਉਮੀਦਵਾਰਾਂ ਵਿੱਚੋਂ 8 ਚੰਡੀਗੜ੍ਹ, 5 ਕਰਨਾਟਕ, 3-3 ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਅਪਲਾਈ ਕਰਦੇ ਪਾਏ ਗਏ, ਜਦਕਿ ਬਾਕੀ ਉਮੀਦਵਾਰਾਂ ਦੀਆਂ ਅਰਜ਼ੀਆਂ ਹੋਰ ਰਾਜਾਂ ਵਿੱਚ ਸਾਹਮਣੇ ਆਈਆਂ।

ਯੂਨੀਵਰਸਿਟੀ ਨੇ ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ 10 ਜੁਲਾਈ 2026 ਨੂੰ ਜਾਰੀ ਨੋਟੀਫਿਕੇਸ਼ਨ ਦੀ ਧਾਰਾ 18 ਦੇ ਤਹਿਤ ਕੀਤੀ ਹੈ। ਇਸ ਨਿਯਮ ਅਨੁਸਾਰ ਪੰਜਾਬ ਸਟੇਟ ਕੋਟੇ ਅਧੀਨ ਦਾਖ਼ਲਾ ਲੈਣ ਵਾਲੇ ਉਮੀਦਵਾਰਾਂ ਨੂੰ ਨਿਰਧਾਰਤ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਰਿਕਾਰਡ ਦੀ ਜਾਂਚ ਤੋਂ ਬਾਅਦ ਯੂਨੀਵਰਸਿਟੀ ਨੇ 25 ਉਮੀਦਵਾਰਾਂ ਨੂੰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਮੰਨਦਿਆਂ ਸਟੇਟ ਕੋਟੇ ਦੀ ਕਾਊਂਸਲਿੰਗ ਤੋਂ ਬਾਹਰ ਕਰ ਦਿੱਤਾ।

ਅਧਿਕਾਰੀਆਂ ਮੁਤਾਬਕ ਮਾਮਲਾ ਉਨ੍ਹਾਂ ਉਮੀਦਵਾਰਾਂ ਨਾਲ ਜੁੜਿਆ ਹੈ, ਜਿਨ੍ਹਾਂ ਵੱਲੋਂ ਇੱਕ ਤੋਂ ਵੱਧ ਰਾਜਾਂ ਵਿੱਚ ਐਮ.ਬੀ.ਬੀ.ਐੱਸ. ਦੀਆਂ ਸਟੇਟ ਕੋਟਾ ਸੀਟਾਂ ਹਾਸਲ ਕਰਨ ਲਈ ਡੋਮਸਿਲ ਸਬੰਧੀ ਦਾਅਵੇ ਕੀਤੇ ਗਏ ਸਨ। ਨਿਯਮਾਂ ਮੁਤਾਬਕ ਇੱਕ ਉਮੀਦਵਾਰ ਸਿਰਫ਼ ਇੱਕ ਰਾਜ ਦੇ ਸਟੇਟ ਕੋਟੇ ਅਧੀਨ ਦਾਖ਼ਲੇ ਦਾ ਲਾਭ ਲੈ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਉਮੀਦਵਾਰ ਕਾਊਂਸਲਿੰਗ ਦੌਰਾਨ ਵੱਖ-ਵੱਖ ਰਾਜਾਂ ਵਿਚਕਾਰ ਤਸਦੀਕ ਪ੍ਰਣਾਲੀ ਵਿੱਚ ਮੌਜੂਦ ਕਮੀਆਂ ਦਾ ਫਾਇਦਾ ਚੁੱਕ ਕੇ ਇੱਕ ਤੋਂ ਵੱਧ ਥਾਵਾਂ ’ਤੇ ਅਰਜ਼ੀਆਂ ਦੇ ਰਹੇ ਸਨ।

ਇਸ ਤਰ੍ਹਾਂ ਦੀ ਪ੍ਰਥਾ ’ਤੇ ਰੋਕ ਲਗਾਉਣ ਲਈ ਪੰਜਾਬ ਸਰਕਾਰ ਨੇ ਉਮੀਦਵਾਰ ਅਤੇ ਉਸ ਦੇ ਮਾਪਿਆਂ ਲਈ ਹਲਫ਼ਨਾਮਾ ਦੇਣਾ ਲਾਜ਼ਮੀ ਕੀਤਾ ਹੈ। ਇਸ ਵਿੱਚ ਇਹ ਤਸਦੀਕ ਕਰਨੀ ਹੁੰਦੀ ਹੈ ਕਿ ਉਮੀਦਵਾਰ ਕਿਸੇ ਹੋਰ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਟੇਟ ਕੋਟਾ ਸੀਟ ਦਾ ਦਾਅਵਾ ਨਹੀਂ ਕਰ ਰਿਹਾ। ਹਾਲਾਂਕਿ ਅਧਿਕਾਰੀਆਂ ਦਾ ਦੋਸ਼ ਹੈ ਕਿ ਕੁਝ ਉਮੀਦਵਾਰਾਂ ਨੇ ਹੋਰ ਰਾਜਾਂ ਵਿੱਚ ਅਰਜ਼ੀਆਂ ਜਾਰੀ ਰੱਖਦਿਆਂ ਇਸ ਸਬੰਧੀ ਗਲਤ ਜਾਣਕਾਰੀ ਵਾਲੇ ਹਲਫ਼ਨਾਮੇ ਵੀ ਜਮ੍ਹਾਂ ਕਰਵਾਏ।

ਯੂਨੀਵਰਸਿਟੀ ਦੀ ਇਹ ਕਾਰਵਾਈ ਮਾਪਿਆਂ ਅਤੇ ਉਮੀਦਵਾਰਾਂ ਵੱਲੋਂ ਮਿਲੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਹੋਈ ਹੈ। ਸ਼ਿਕਾਇਤਾਂ ਵਿੱਚ ਦੋਸ਼ ਲਾਇਆ ਗਿਆ ਸੀ ਕਿ ਕੁਝ ਉਮੀਦਵਾਰ ‘ਡਬਲ ਡੋਮਸਿਲ’ ਰਾਹੀਂ ਇੱਕ ਤੋਂ ਵੱਧ ਰਾਜਾਂ ਦੀਆਂ ਸਟੇਟ ਕੋਟਾ ਸੀਟਾਂ ਦਾ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਬਾਅਦ ਬੀ.ਐੱਫ਼.ਯੂ.ਐੱਚ.ਐੱਸ. ਨੇ ਸ਼ੱਕੀ ਉਮੀਦਵਾਰਾਂ ਵੱਲੋਂ ਜਮ੍ਹਾਂ ਕਰਵਾਏ ਡੋਮਸਿਲ ਸਰਟੀਫਿਕੇਟਾਂ ਅਤੇ ਹੋਰ ਸਹਾਇਕ ਦਸਤਾਵੇਜ਼ਾਂ ਦੀ ਵਿਸਥਾਰ ਨਾਲ ਜਾਂਚ ਸ਼ੁਰੂ ਕੀਤੀ, ਜਿਸ ਦੇ ਆਧਾਰ ’ਤੇ 25 ਉਮੀਦਵਾਰਾਂ ਨੂੰ ਪੰਜਾਬ ਦੀਆਂ 85 ਫ਼ੀਸਦੀ ਸਟੇਟ ਕੋਟਾ ਸੀਟਾਂ ਦੀ ਦਾਖ਼ਲਾ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ।