US-Iran Conflict: ਇਰਾਨ ’ਤੇ ਅਮਰੀਕਾ ਦੇ ਤਾਬੜਤੋੜ ਹਮਲੇ, ਜੰਗੀ ਤਣਾਅ ਸਿਖਰ ’ਤੇ

US-Iran Conflict: ਇਰਾਨ ’ਤੇ ਅਮਰੀਕੀ ਹਮਲਿਆਂ ਦੀ ਨਵੀਂ ਲਹਿਰ, ਜੰਗੀ ਤਣਾਅ ਹੋਰ ਵਧਿਆ

ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਿਹਾ ਟਕਰਾਅ ਹੋਰ ਗੰਭੀਰ ਹੋ ਗਿਆ ਹੈ। ਹਫ਼ਤੇ ਦੇ ਆਖ਼ਰੀ ਦਿਨਾਂ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਮੰਗਲਵਾਰ ਤੜਕੇ ਅਮਰੀਕੀ ਫ਼ੌਜ ਨੇ ਦਾਅਵਾ ਕੀਤਾ ਕਿ ਉਸ ਨੇ ਇਰਾਨ ਵਿਰੁੱਧ ਹਮਲਿਆਂ ਦੀ ਤਾਜ਼ਾ ਲੜੀ ਪੂਰੀ ਕਰ ਲਈ ਹੈ। ਅਮਰੀਕੀ ਫ਼ੌਜ ਮੁਤਾਬਕ ਇਨ੍ਹਾਂ ਕਾਰਵਾਈਆਂ ਦੌਰਾਨ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨਾਲ ਜੁੜੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਅਮਰੀਕੀ ਸੈਂਟਰਲ ਕਮਾਂਡ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹਮਲਿਆਂ ਵਿੱਚ ਹਵਾਈ ਰੱਖਿਆ ਸਥਾਪਨਾਵਾਂ, ਰਡਾਰ ਸਿਸਟਮ, ਸਮੁੰਦਰੀ ਠਿਕਾਣੇ ਅਤੇ ਹੋਰ ਸੁਵਿਧਾਵਾਂ, ਬਾਰੂਦੀ ਸੁਰੰਗਾਂ ਵਿਛਾਉਣ ਦੀ ਸਮਰੱਥਾ ਅਤੇ ਸੰਚਾਰ ਕੇਂਦਰ ਸ਼ਾਮਲ ਸਨ।

ਇਸੇ ਦੌਰਾਨ ‘ਐਕਸੀਓਸ’ ਦੀ ਰਿਪੋਰਟ ਵਿੱਚ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਮੰਗਲਵਾਰ ਨੂੰ ਕੀਤੇ ਗਏ ਹਮਲਿਆਂ ਦੌਰਾਨ ਅਮਰੀਕੀ ਫ਼ੌਜ ਨੇ ਇਰਾਨ ਸਰਕਾਰ ਨਾਲ ਜੁੜੇ ਦੋ ਟੈਂਕਰਾਂ ਨੂੰ ਵੀ ਨਿਸ਼ਾਨਾ ਬਣਾਇਆ।

ਦੂਜੇ ਪਾਸੇ ਇਰਾਨ ਨੇ ਵੀ ਅਮਰੀਕੀ ਹਮਲਿਆਂ ਦਾ ਜਵਾਬ ਦੇਣ ਦਾ ਦਾਅਵਾ ਕੀਤਾ ਹੈ। ਇਹ ਤਾਜ਼ਾ ਟਕਰਾਅ ਉਸ ਗੋਲੀਬਾਰੀ ਤੋਂ ਬਾਅਦ ਵਾਪਰਿਆ ਹੈ ਜੋ ਜੁਲਾਈ ਦੇ ਅੰਤ ਤੋਂ ਬਾਅਦ ਪਹਿਲੀ ਵਾਰ ਹਫ਼ਤੇ ਦੇ ਅੰਤ ਵਿੱਚ ਹੋਈ ਸੀ। ਸੋਮਵਾਰ ਨੂੰ ਹੋਰਮੁਜ਼ ਜਲਡਮਰੂਮੱਧ ਤੋਂ ਬਾਹਰ ਨਿਕਲ ਰਹੇ ਦੋ ਟੈਂਕਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਹ ਜਲਮਾਰਗ ਵਿਸ਼ਵ ਪੱਧਰ ’ਤੇ ਤੇਲ ਦੀ ਸਪਲਾਈ ਲਈ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ ਅਤੇ ਇਰਾਨ ਵੱਲੋਂ ਸ਼ਿਪਿੰਗ ਲਈ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕੀਤੇ ਜਾਣ ਕਾਰਨ ਚਿੰਤਾ ਹੋਰ ਵਧ ਗਈ ਹੈ।

ਇਸ ਦੇ ਨਾਲ ਹੀ ਤਹਿਰਾਨ ਵੱਲੋਂ ਜਾਰਡਨ, ਬਹਿਰੀਨ ਅਤੇ ਇਰਾਕ ਵਿੱਚ ਅਮਰੀਕੀ ਟਿਕਾਣਿਆਂ ਅਤੇ ਸੰਪਤੀਆਂ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਕਾਰਵਾਈ ਕਰਨ ਦੀ ਗੱਲ ਸਾਹਮਣੇ ਆਈ ਹੈ।

ਇਰਾਨ ਦੇ ਰੈੱਡ ਕ੍ਰੀਸੈਂਟ ਮੁਤਾਬਕ ਹੋਰਮੁਜ਼ ਜਲਡਮਰੂਮੱਧ ਨੇੜੇ ਸਿਰਿਕ ਖੇਤਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਹੋਈ ਘਟਨਾ ਵਿੱਚ ਪੰਜ ਲੋਕਾਂ ਦੀ ਮੌਤ ਹੋਈ ਅਤੇ ਕਰੀਬ 50 ਵਿਅਕਤੀ ਜ਼ਖ਼ਮੀ ਹੋਏ। ਮੇਹਰ ਨਿਊਜ਼ ਏਜੰਸੀ ਨੇ ਮ੍ਰਿਤਕਾਂ ਵਿੱਚ ਇੱਕ ਚਾਰ ਸਾਲਾ ਬੱਚੇ ਦੇ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਹੈ, ਜਦਕਿ ਆਈਆਰਐਨਏ ਨੇ ਇੱਕ ਸੂਬਾਈ ਅਧਿਕਾਰੀ ਦੇ ਹਵਾਲੇ ਨਾਲ ਜ਼ਖ਼ਮੀਆਂ ਦੀ ਗਿਣਤੀ 68 ਦੱਸੀ ਹੈ।

ਇਸ ਦੌਰਾਨ ਇਰਾਨ ’ਤੇ ਅਮਰੀਕੀ-ਇਜ਼ਰਾਈਲੀ ਹਮਲਿਆਂ ਅਤੇ ਲੇਬਨਾਨ ਵਿੱਚ ਇਜ਼ਰਾਈਲੀ ਕਾਰਵਾਈਆਂ ਕਾਰਨ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਹੋਣ ਦੇ ਨਾਲ ਲੱਖਾਂ ਲੋਕਾਂ ਦੇ ਬੇਘਰ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮਕਸਦ ਇਰਾਨ ਨੂੰ ਗੱਲਬਾਤ ਦੀ ਮੇਜ਼ ’ਤੇ ਲਿਆਉਣਾ ਨਹੀਂ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਰਾਨ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਵਾਲ ਕੀਤਾ ਕਿ ਉਹ ਕਦੋਂ ਉੱਠ ਕੇ ਮੁਕਾਬਲਾ ਕਰਨਗੇ।

ਤਾਜ਼ਾ ਹਮਲਿਆਂ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿਚਾਲੇ ਟਕਰਾਅ ਹੋਰ ਵਧਣ ਦੇ ਆਸਾਰ ਬਣ ਗਏ ਹਨ, ਜਿਸ ਨਾਲ ਖੇਤਰ ਵਿੱਚ ਸੁਰੱਖਿਆ ਅਤੇ ਵਿਸ਼ਵ ਪੱਧਰੀ ਤੇਲ ਸਪਲਾਈ ਨੂੰ ਲੈ ਕੇ ਚਿੰਤਾਵਾਂ ਵੀ ਵਧੀਆਂ ਹਨ।