Manali Snowfall: ਰੋਹਤਾਂਗ ਤੇ ਲਾਹੌਲ-ਸਪਿਤੀ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਪਹਾੜ ਚਿੱਟੇ

Manali Snowfall: ਰੋਹਤਾਂਗ, ਬਾਰਾਲਾਚਾ ਤੇ ਸ਼ਿੰਕੁਲਾ ਦੱਰਿਆਂ ’ਤੇ ਪਹਿਲੀ ਬਰਫ਼ਬਾਰੀ, ਠੰਢ ਵਧੀ

ਮਨਾਲੀ: ਕੁੱਲੂ-ਮਨਾਲੀ ਅਤੇ ਲਾਹੌਲ-ਸਪਿਤੀ ਖੇਤਰ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ ਹੈ। ਇਲਾਕੇ ਦੀਆਂ ਉੱਚੀਆਂ ਪਹਾੜੀਆਂ ਰੋਹਤਾਂਗ, ਬਾਰਾਲਾਚਾ ਅਤੇ ਸ਼ਿੰਕੁਲਾ ਦੱਰਿਆਂ ’ਤੇ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ, ਜਿਸ ਨਾਲ ਪੂਰੇ ਇਲਾਕੇ ਵਿੱਚ ਠੰਢ ਦਾ ਅਹਿਸਾਸ ਵਧ ਗਿਆ ਹੈ। ਬਰਫ਼ਬਾਰੀ ਕਾਰਨ ਸਰਦੀਆਂ ਦੇ ਸੈਰ-ਸਪਾਟਾ ਸੀਜ਼ਨ ਦੇ ਜਲਦੀ ਸ਼ੁਰੂ ਹੋਣ ਦੀਆਂ ਉਮੀਦਾਂ ਵੀ ਵਧੀਆਂ ਹਨ।

ਜਾਣਕਾਰੀ ਮੁਤਾਬਕ ਰੋਹਤਾਂਗ ਦੱਰੇ ’ਤੇ ਸਵੇਰ ਤੋਂ ਹੀ ਕਰੀਬ ਚਾਰ ਇੰਚ ਤਾਜ਼ਾ ਬਰਫ਼ ਦਰਜ ਕੀਤੀ ਗਈ। ਇਸੇ ਤਰ੍ਹਾਂ ਬਾਰਾਲਾਚਾ ਅਤੇ ਸ਼ਿੰਕੁਲਾ ਦੱਰਿਆਂ ’ਤੇ ਵੀ ਬਰਫ਼ਬਾਰੀ ਹੋਈ, ਜਿਸ ਨਾਲ ਉੱਚੀਆਂ ਪਹਾੜੀ ਚੋਟੀਆਂ ਬਰਫ਼ ਦੀ ਚਾਦਰ ਨਾਲ ਢਕ ਗਈਆਂ।

ਸੈਰ-ਸਪਾਟਾ ਕਾਰੋਬਾਰੀਆਂ ਵਿੱਚ ਉਤਸ਼ਾਹ

ਮੌਸਮ ਵਿੱਚ ਆਏ ਇਸ ਬਦਲਾਅ ਨਾਲ ਸੈਰ-ਸਪਾਟੇ ਨਾਲ ਜੁੜੇ ਕਾਰੋਬਾਰੀਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਪਹਾੜਾਂ ’ਤੇ ਬਰਫ਼ ਪੈਣ ਨਾਲ ਸੈਲਾਨੀਆਂ ਦੀ ਆਮਦ ਵਧੇਗੀ ਅਤੇ ਆਉਣ ਵਾਲੇ ਦੁਸਹਿਰਾ ਸੀਜ਼ਨ ਦੌਰਾਨ ਕਾਰੋਬਾਰ ਨੂੰ ਲਾਭ ਮਿਲ ਸਕਦਾ ਹੈ।

ਕਾਰੋਬਾਰੀਆਂ ਬੁੱਧੀ ਪ੍ਰਕਾਸ਼, ਗਜੇਂਦਰ ਠਾਕੁਰ ਅਤੇ ਹੇਮ ਰਾਜ ਸ਼ਰਮਾ ਨੇ ਕਿਹਾ ਕਿ ਬਰਫ਼ਬਾਰੀ ਸੈਰ-ਸਪਾਟੇ ਲਈ ਚੰਗੀ ਖ਼ਬਰ ਹੈ ਅਤੇ ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਸੈਲਾਨੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ।

ਕਿਸਾਨਾਂ ਅਤੇ ਬਾਗ਼ਬਾਨਾਂ ਲਈ ਵਧੀ ਚਿੰਤਾ

ਦੂਜੇ ਪਾਸੇ, ਮੌਸਮ ਵਿੱਚ ਆਈ ਇਹ ਤਬਦੀਲੀ ਕਿਸਾਨਾਂ ਅਤੇ ਬਾਗ਼ਬਾਨਾਂ ਲਈ ਚਿੰਤਾ ਦਾ ਕਾਰਨ ਵੀ ਬਣੀ ਹੈ। ਵਾਦੀ ਵਿੱਚ ਸੇਬ ਤੋੜਨ ਦਾ ਕੰਮ ਅੰਤਿਮ ਪੜਾਅ ਵਿੱਚ ਚੱਲ ਰਿਹਾ ਹੈ ਅਤੇ ਮੀਂਹ ਤੇ ਬਦਲੇ ਮੌਸਮ ਕਾਰਨ ਖੇਤੀਬਾੜੀ ਨਾਲ ਸਬੰਧਤ ਕੰਮ ਪ੍ਰਭਾਵਿਤ ਹੋ ਰਹੇ ਹਨ।

ਦਰ੍ਹਿਆਂ ’ਤੇ ਆਵਾਜਾਈ ਜਾਰੀ, ਪ੍ਰਸ਼ਾਸਨ ਨੇ ਦਿੱਤੀ ਸਾਵਧਾਨੀ ਦੀ ਸਲਾਹ

ਫਿਲਹਾਲ ਉੱਚੇ ਦੱਰਿਆਂ ’ਤੇ ਆਵਾਜਾਈ ਆਮ ਦੱਸੀ ਜਾ ਰਹੀ ਹੈ, ਪਰ ਲਗਾਤਾਰ ਬਰਫ਼ਬਾਰੀ ਅਤੇ ਤੇਜ਼ ਠੰਢੀਆਂ ਹਵਾਵਾਂ ਕਾਰਨ ਮਨਾਲੀ-ਲੇਹ ਹਾਈਵੇਅ ’ਤੇ ਸਫ਼ਰ ਚੁਣੌਤੀਪੂਰਨ ਹੋ ਸਕਦਾ ਹੈ।

ਲਾਹੌਲ-ਸਪਿਤੀ ਦੀ ਡਿਪਟੀ ਕਮਿਸ਼ਨਰ ਕਿਰਨ ਭਦਾਨਾ ਨੇ ਸੈਲਾਨੀਆਂ ਅਤੇ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਬਾਰਾਲਾਚਾ ਅਤੇ ਸ਼ਿੰਕੁਲਾ ਦੱਰੇ ਪਾਰ ਕਰਨ ਤੋਂ ਪਹਿਲਾਂ ਮੌਸਮ ਅਤੇ ਸੜਕਾਂ ਦੀ ਸਥਿਤੀ ਦੀ ਜਾਣਕਾਰੀ ਜ਼ਰੂਰ ਹਾਸਲ ਕਰਨ। ਉਨ੍ਹਾਂ ਕਿਹਾ ਕਿ ਮੌਸਮ ਦੇ ਅਚਾਨਕ ਵਿਗੜਨ ਦੀ ਸੂਰਤ ਵਿੱਚ ਯਾਤਰੀਆਂ ਨੂੰ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ।