Mad Sandhu Murder: ਅੰਮ੍ਰਿਤਸਰ ’ਚ ਗੋਲੀਆਂ ਲੱਗਣ ਕਾਰਨ ਇਨਫਲੂਐਂਸਰ ਦੀ ਜਾਨ ਗਈ

ਅੰਮ੍ਰਿਤਸਰ ’ਚ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ’ਤੇ ਹਮਲਾ, ਇਲਾਜ ਦੌਰਾਨ ਤੋੜਿਆ ਦਮ

ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ (ਮਧੂਸੂਦਨ) ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਮੈਡ ਸੰਧੂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਸਿਟੀ-2 ਸ੍ਰੀ ਸਿਰੀਵੇਨੇਲਾ ਨੇ ਦੱਸਿਆ ਕਿ ਲੁਹਾਰਕਾ ਰੋਡ ਇਲਾਕੇ ਵਿੱਚ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਮੈਡ ਸੰਧੂ ਨੂੰ ਨਿਸ਼ਾਨਾ ਬਣਾਉਂਦਿਆਂ ਫਾਇਰਿੰਗ ਕੀਤੀ। ਗੋਲੀਬਾਰੀ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਹਸਪਤਾਲ ਲਿਜਾਣ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ।

ਪੁਲੀਸ ਅਧਿਕਾਰੀ ਮੁਤਾਬਕ ਜਾਂਚ ਦੌਰਾਨ ਕੁਝ ਮਹੱਤਵਪੂਰਨ ਸੁਰਾਗ ਮਿਲੇ ਹਨ ਅਤੇ ਹਮਲਾਵਰਾਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਸਰਗਰਮ ਹਨ। ਘਟਨਾ ਤੋਂ ਬਾਅਦ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਮੈਡ ਸੰਧੂ ਸੜਕ ’ਤੇ ਜ਼ਖ਼ਮੀ ਹਾਲਤ ਵਿੱਚ ਪਏ ਨਜ਼ਰ ਆ ਰਹੇ ਹਨ।

ਪੁਰਾਣੇ ਵਿਵਾਦ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਮਾਮਲਾ

ਮੁੱਢਲੀ ਜਾਂਚ ਦੌਰਾਨ ਪੁਲੀਸ ਵੱਲੋਂ ਹਮਲੇ ਦੇ ਸੰਭਾਵਿਤ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਕੁਝ ਰਿਪੋਰਟਾਂ ਵਿੱਚ ਇਸ ਘਟਨਾ ਨੂੰ ਤਕਰੀਬਨ ਤਿੰਨ ਮਹੀਨੇ ਪਹਿਲਾਂ ਨਿਹੰਗ ਜਥੇਦਾਰ ਮਨਪ੍ਰੀਤ ਸਿੰਘ ਖਾਲਸਾ ਨਾਲ ਹੋਏ ਵਿਵਾਦ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।

ਉਸ ਸਮੇਂ ਮੈਡ ਸੰਧੂ ਦੇ ਪਹਿਰਾਵੇ, ਸੋਸ਼ਲ ਮੀਡੀਆ ਸਮੱਗਰੀ ਅਤੇ ਕੁਝ ਪੁਰਾਣੀਆਂ ਵੀਡੀਓਜ਼ ਨੂੰ ਲੈ ਕੇ ਇਤਰਾਜ਼ ਜਤਾਏ ਗਏ ਸਨ। ਵਿਵਾਦ ਦੌਰਾਨ ਮੈਡ ਸੰਧੂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਉਹ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਿੱਖ ਚੁੱਕੇ ਹਨ ਅਤੇ ਉਨ੍ਹਾਂ ਖ਼ਿਲਾਫ਼ ਪੁਰਾਣੀ ਸਮੱਗਰੀ ਨੂੰ ਆਧਾਰ ਬਣਾ ਕੇ ਬੇਵਜ੍ਹਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ’ਤੇ ਸੀ ਵੱਡੀ ਪਹਿਚਾਣ

ਮੈਡ ਸੰਧੂ ਪੰਜਾਬੀ ਸੋਸ਼ਲ ਮੀਡੀਆ ਜਗਤ ਵਿੱਚ ਇੱਕ ਮਸ਼ਹੂਰ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਵਜੋਂ ਜਾਣੇ ਜਾਂਦੇ ਸਨ। ਉਹ ਆਪਣੇ ਇੰਸਟਾਗ੍ਰਾਮ ਖਾਤੇ ਰਾਹੀਂ ਮੇਕਅੱਪ, ਲਾਈਫਸਟਾਈਲ ਅਤੇ ਹੋਰ ਸਮੱਗਰੀ ਸਾਂਝੀ ਕਰਦੇ ਰਹਿੰਦੇ ਸਨ। ਆਪਣੇ ਪ੍ਰੋਫਾਈਲ ’ਤੇ ਉਹ ਆਪਣੇ ਆਪ ਨੂੰ ਮੇਕਅੱਪ ਆਰਟਿਸਟ, ਕਲਾਕਾਰ, ਉਦਯੋਗਪਤੀ ਅਤੇ ਇਨਫਲੂਐਂਸਰ ਵਜੋਂ ਦਰਸਾਉਂਦੇ ਸਨ।

ਉਹ ‘ਮੈਨਲੇਨ ਯੂਨੀਸੈਕਸ ਸੈਲੂਨ’ ਨਾਲ ਵੀ ਜੁੜੇ ਹੋਏ ਸਨ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ 2.2 ਲੱਖ ਤੋਂ ਵੱਧ ਫਾਲੋਅਰ ਸਨ ਅਤੇ ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਰੀਲਾਂ ਨੂੰ ਲੱਖਾਂ ਦਰਸ਼ਕਾਂ ਵੱਲੋਂ ਦੇਖਿਆ ਗਿਆ ਸੀ। ਉਹ ਵੱਖ-ਵੱਖ ਪੌਡਕਾਸਟਾਂ ਵਿੱਚ ਵੀ ਸ਼ਾਮਲ ਹੋ ਚੁੱਕੇ ਸਨ ਅਤੇ ਸੋਸ਼ਲ ਮੀਡੀਆ ਜਗਤ ਵਿੱਚ ਇੱਕ ਜਾਣੀ-ਪਛਾਣੀ ਸ਼ਖ਼ਸੀਅਤ ਮੰਨੇ ਜਾਂਦੇ ਸਨ।

ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲੇ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਪੱਖਾਂ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ।