Gippy Grewal Flight Controversy: ਬਿਜ਼ਨਸ ਕਲਾਸ ਦੀ ਟਿਕਟ ਦੇ ਬਾਵਜੂਦ ਇਕੋਨੋਮੀ ’ਚ ਬੈਠਾਉਣ ਦਾ ਦੋਸ਼
ਟੋਰਾਂਟੋ: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਇੱਕ ਉਡਾਣ ਦੌਰਾਨ ਆਪਣੇ ਨਾਲ ਕਥਿਤ ਤੌਰ ’ਤੇ ਹੋਏ ਬੁਰੇ ਵਤੀਰੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ‘ਐਕਸ’ ’ਤੇ ਸਾਂਝੀ ਕੀਤੀ ਆਪਣੀ ਪੋਸਟ ਵਿੱਚ ਗਿੱਪੀ ਗਰੇਵਾਲ ਨੇ ਏਅਰਲਾਈਨ ਦੇ ਅਮਲੇ ’ਤੇ ਗੰਭੀਰ ਦੋਸ਼ ਲਗਾਉਂਦਿਆਂ ਆਪਣਾ ਤਜਰਬਾ ਸਾਂਝਾ ਕੀਤਾ।
ਗਿੱਪੀ ਗਰੇਵਾਲ ਮੁਤਾਬਕ ਉਨ੍ਹਾਂ ਨੇ ਬਿਜ਼ਨਸ ਕਲਾਸ ਦੀ ਟਿਕਟ ਲਈ ਪੂਰੀ ਰਕਮ ਅਦਾ ਕੀਤੀ ਸੀ, ਪਰ ਜਹਾਜ਼ ਵਿੱਚ ਸਵਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਕੋਨੋਮੀ ਕਲਾਸ ਦੀ ਸੀਟ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਸਟਾਫ਼ ਕੋਲ ਇਸ ਬਾਰੇ ਜਾਣਕਾਰੀ ਮੰਗੀ ਤਾਂ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਹੁਣ ਸਥਿਤੀ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ।
ਵਿਰੋਧ ਕਰਨ ’ਤੇ ਜਹਾਜ਼ ਤੋਂ ਉਤਾਰਨ ਦੀ ਧਮਕੀ ਦਾ ਦੋਸ਼
ਗਿੱਪੀ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਏਅਰਲਾਈਨ ਤੋਂ ਕੋਈ ਵਾਧੂ ਸਹੂਲਤ ਨਹੀਂ ਮੰਗੀ ਸੀ ਅਤੇ ਸਿਰਫ਼ ਆਪਣੀ ਬੁੱਕ ਕੀਤੀ ਸੀਟ ਅਤੇ ਉਸ ਵਿੱਚ ਤਬਦੀਲੀ ਦਾ ਕਾਰਨ ਜਾਣਨਾ ਚਾਹੁੰਦੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਸਟਾਫ਼ ਵੱਲੋਂ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਜਹਾਜ਼ ਲੈਣ ਜਾਂ ਛੱਡਣ ਦੀ ਗੱਲ ਕਹੀ ਗਈ।
ਗਾਇਕ ਮੁਤਾਬਕ, ਜਦੋਂ ਉਨ੍ਹਾਂ ਨੇ ਲਗਾਤਾਰ ਇਸ ਮਾਮਲੇ ਬਾਰੇ ਸਵਾਲ ਕੀਤੇ ਤਾਂ ਅਮਲੇ ਨੇ ਉਨ੍ਹਾਂ ਨੂੰ ਜਹਾਜ਼ ਤੋਂ ਹੇਠਾਂ ਉਤਾਰਨ ਦੀ ਧਮਕੀ ਵੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਪੂਰੇ ਘਟਨਾਕ੍ਰਮ ਦੌਰਾਨ ਸਟਾਫ਼ ਵੱਲੋਂ ਉਨ੍ਹਾਂ ਤੋਂ ਮੁਆਫ਼ੀ ਤੱਕ ਨਹੀਂ ਮੰਗੀ ਗਈ, ਜਿਸ ਨੂੰ ਉਨ੍ਹਾਂ ਨੇ ਨਿਰਾਸ਼ਾਜਨਕ ਦੱਸਿਆ।
ਦੱਸਿਆ ਗਿਆ ਹੈ ਕਿ ਇਹ ਘਟਨਾ ਟੋਰਾਂਟੋ ਤੋਂ ਨਿਊਯਾਰਕ ਜਾਣ ਵਾਲੀ ਏਅਰ ਕੈਨੇਡਾ ਦੀ ਫਲਾਈਟ AC1504 ਵਿੱਚ ਵਾਪਰੀ।
ਪੋਸਟ ਵਾਇਰਲ ਹੋਣ ਮਗਰੋਂ ਏਅਰ ਕੈਨੇਡਾ ਨੇ ਮੰਗੀ ਮੁਆਫ਼ੀ
ਗਿੱਪੀ ਗਰੇਵਾਲ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਏਅਰ ਕੈਨੇਡਾ ਨੇ ‘ਐਕਸ’ ’ਤੇ ਜਵਾਬ ਦਿੰਦਿਆਂ ਘਟਨਾ ’ਤੇ ਅਫ਼ਸੋਸ ਪ੍ਰਗਟ ਕੀਤਾ ਅਤੇ ਗਿੱਪੀ ਤੋਂ ਮੁਆਫ਼ੀ ਮੰਗੀ। ਏਅਰਲਾਈਨ ਨੇ ਉਨ੍ਹਾਂ ਨੂੰ ਆਪਣਾ ਬੁਕਿੰਗ ਰੈਫ਼ਰੈਂਸ ਅਤੇ ਹੋਰ ਪੂਰੀ ਜਾਣਕਾਰੀ ਡਾਇਰੈਕਟ ਮੈਸੇਜ (DM) ਰਾਹੀਂ ਭੇਜਣ ਲਈ ਕਿਹਾ, ਤਾਂ ਜੋ ਮਾਮਲੇ ਦੀ ਜਾਂਚ ਕੀਤੀ ਜਾ ਸਕੇ।
ਹਾਲਾਂਕਿ, ਏਅਰ ਕੈਨੇਡਾ ਵੱਲੋਂ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਬਿਜ਼ਨਸ ਕਲਾਸ ਦੀ ਟਿਕਟ ਹੋਣ ਦੇ ਬਾਵਜੂਦ ਗਿੱਪੀ ਗਰੇਵਾਲ ਨੂੰ ਇਕੋਨੋਮੀ ਕਲਾਸ ਵਿੱਚ ਕਿਉਂ ਬਿਠਾਇਆ ਗਿਆ।







