ED ਦੀ GLADA ਦੇ ਮੁੱਖ ਪ੍ਰਸ਼ਾਸਕ ਤੋਂ 9 ਘੰਟਿਆਂ ਤੋਂ ਵੱਧ ਪੁੱਛਗਿੱਛ

ਲੁਧਿਆਣਾ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਕਾਰਜਕਾਰੀ ਮੁੱਖ ਪ੍ਰਸ਼ਾਸਕ ਵਿਕਾਸ ਹੀਰਾ ਤੋਂ ਨੌਂ ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਪੁੱਛਗਿੱਛ ਦਾ ਕੇਂਦਰ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ (ਆਰਪੀਆਈਐਲ), ਜੋ ਹੁਣ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਦੇ ਨਾਮ ਨਾਲ ਜਾਣੀ ਜਾਂਦੀ ਹੈ, ਨਾਲ ਸਬੰਧਤ ਦਸਤਾਵੇਜ਼ ਅਤੇ ਮਨਜ਼ੂਰੀਆਂ ਰਹੀਆਂ।

2016 ਬੈਚ ਦੇ ਪੀਸੀਐਸ ਅਧਿਕਾਰੀ ਵਿਕਾਸ ਹੀਰਾ ਨੇ ਕਰੀਬ ਦੋ ਮਹੀਨੇ ਪਹਿਲਾਂ ਹੀ ਗਲਾਡਾ ਦੇ ਕਾਰਜਕਾਰੀ ਮੁੱਖ ਪ੍ਰਸ਼ਾਸਕ ਦਾ ਅਹੁਦਾ ਸੰਭਾਲਿਆ ਹੈ। ਉਹ ਸਵੇਰੇ ਕਰੀਬ 10:20 ਵਜੇ ਈਡੀ ਦਫ਼ਤਰ ਪਹੁੰਚੇ ਅਤੇ ਜਾਂਚ ਏਜੰਸੀ ਵੱਲੋਂ ਮੰਗੇ ਗਏ ਦਸਤਾਵੇਜ਼ ਆਪਣੇ ਨਾਲ ਲੈ ਕੇ ਗਏ। ਸੂਤਰਾਂ ਅਨੁਸਾਰ ਪੁੱਛਗਿੱਛ ਮੁੱਖ ਤੌਰ ’ਤੇ ਇਨ੍ਹਾਂ ਦਸਤਾਵੇਜ਼ਾਂ ਅਤੇ ਸੰਬੰਧਤ ਪ੍ਰਵਾਨਗੀਆਂ ਦੇ ਆਧਾਰ ’ਤੇ ਕੀਤੀ ਗਈ।

ਸ਼ਾਮ ਕਰੀਬ 7:30 ਵਜੇ ਦਫ਼ਤਰ ਤੋਂ ਰਵਾਨਾ ਹੋਣ ਤੋਂ ਪਹਿਲਾਂ ਈਡੀ ਅਧਿਕਾਰੀਆਂ ਨੇ ਹੀਰਾ ਨੂੰ ਅਗਲੇ ਦਸ ਦਿਨਾਂ ਅੰਦਰ ਹੋਰ ਸਬੰਧਤ ਰਿਕਾਰਡ ਅਤੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਗਲਾਡਾ ਦੇ ਸਾਬਕਾ ਮੁੱਖ ਪ੍ਰਸ਼ਾਸਕ ਅਤੇ ਆਈਏਐਸ ਅਧਿਕਾਰੀ ਕਵਲਪ੍ਰੀਤ ਬਰਾੜ ਤੋਂ ਵੀ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

ਜਾਂਚ ਏਜੰਸੀ ਵੱਲੋਂ ਖਾਸ ਤੌਰ ’ਤੇ ਉਨ੍ਹਾਂ ਪ੍ਰਵਾਨਗੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਜੋ ਆਰਪੀਆਈਐਲ ਨੂੰ ਦਿੱਤੀਆਂ ਗਈਆਂ ਸਨ। ਨੀਤੀ ਅਨੁਸਾਰ ਕੰਪਨੀ ਨੂੰ ਪਹਿਲਾਂ ਆਪਣੀ ਜ਼ਮੀਨ ਦਾ 50 ਫ਼ੀਸਦੀ ਹਿੱਸਾ ਉਦਯੋਗਿਕ ਪਲਾਟਾਂ ਵਜੋਂ ਵਿਕਸਤ ਕਰਕੇ ਵੇਚਣ ਦੇ ਸਬੂਤ ਪੇਸ਼ ਕਰਨੇ ਲਾਜ਼ਮੀ ਸਨ। ਇਸ ਲਈ ਸੇਲ ਡੀਡਾਂ, ਟਰਾਂਸਫਰ ਰਿਕਾਰਡਾਂ ਅਤੇ ਹੋਰ ਦਸਤਾਵੇਜ਼ੀ ਸਬੂਤਾਂ ਦੀ ਲੋੜ ਸੀ। ਇਨ੍ਹਾਂ ਸ਼ਰਤਾਂ ਦੀ ਪਾਲਣਾ ਤੋਂ ਬਾਅਦ ਹੀ ਬਾਕੀ ਜ਼ਮੀਨ ਨੂੰ ਰਿਹਾਇਸ਼ੀ ਵਿਕਾਸ ਲਈ ਵਰਤਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਸੀ।

ਸੂਤਰਾਂ ਦਾ ਦਾਅਵਾ ਹੈ ਕਿ ਸਬੰਧਤ ਵਿਭਾਗ ਨੇ ਜ਼ਮੀਨ ਦੇ ਅਸਲ ਵਿਕਾਸ ਅਤੇ ਵਿਕਰੀ ਸਬੰਧੀ ਠੋਸ ਦਸਤਾਵੇਜ਼ ਪ੍ਰਾਪਤ ਕਰਨ ਦੀ ਬਜਾਏ ਕੰਪਨੀ ਵੱਲੋਂ ਦਿੱਤੇ ਸਵੈ-ਘੋਸ਼ਣਾ ਪੱਤਰ ਨੂੰ ਹੀ ਸਵੀਕਾਰ ਕਰ ਲਿਆ ਸੀ। ਇਸੇ ਮਾਮਲੇ ਨੂੰ ਲੈ ਕੇ ਈਡੀ ਵੱਲੋਂ ਰਿਕਾਰਡਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।