China Storm: ਤੂਫ਼ਾਨ ਸੌਦੇਲ ਮਗਰੋਂ ਭਾਰੀ ਮੀਂਹ ਨਾਲ ਮਿੱਟੀ ਖਿਸਕੀ, 2 ਮੌਤਾਂ ਤੇ 10 ਲਾਪਤਾ
ਬੀਜਿੰਗ: ਪੂਰਬੀ ਚੀਨ ਵਿੱਚ ਤੂਫ਼ਾਨ ਸੌਦੇਲ (Tropical Cyclone Saudel) ਦੇ ਪ੍ਰਭਾਵ ਕਾਰਨ ਪਿਛਲੇ ਕਈ ਦਿਨਾਂ ਤੋਂ ਜਾਰੀ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਜਿਆਂਗਸ਼ੀ (Jiangxi) ਪ੍ਰਾਂਤ ਦੇ ਸੁਈਚੁਆਨ (Suichuan) ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਭਾਰੀ ਮੀਂਹ ਮਗਰੋਂ ਮਿੱਟੀ ਖਿਸਕਣ ਦੀ ਘਟਨਾ ਵਾਪਰੀ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 10 ਹੋਰ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਸਰਕਾਰੀ ਮੀਡੀਆ ਮੁਤਾਬਕ ਮਿੱਟੀ ਖਿਸਕਣ ਕਾਰਨ ਕਰੀਬ ਦਰਜਨ ਮਕਾਨ ਵੀ ਮਲਬੇ ਹੇਠ ਆ ਕੇ ਤਬਾਹ ਹੋ ਗਏ। ਇਹ ਘਟਨਾ ਸ਼ਨੀਵਾਰ ਤੜਕੇ ਵਾਪਰੀ, ਜਿਸ ਤੋਂ ਬਾਅਦ ਬਚਾਅ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਅਤੇ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ।
ਬਚਾਅ ਕਾਰਜਾਂ ਦੌਰਾਨ ਮਲਬੇ ਹੇਠੋਂ ਕੁਝ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ, ਜਦਕਿ ਦੋ ਹੋਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਐਤਵਾਰ ਸਵੇਰੇ ਬਚਾਅ ਕਰਮਚਾਰੀਆਂ ਨੇ ਢਹਿ ਚੁੱਕੇ ਮਕਾਨਾਂ ਦੇ ਮਲਬੇ ਵਿੱਚੋਂ ਇੱਕ ਹੋਰ ਲਾਪਤਾ ਵਿਅਕਤੀ ਦੀ ਲਾਸ਼ ਬਰਾਮਦ ਕੀਤੀ।
ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ, ਤੂਫ਼ਾਨ ‘ਸੌਦੇਲ’ ਨੇ 28 ਅਗਸਤ ਨੂੰ ਦੋ ਵਾਰ ਚੀਨ ਵਿੱਚ ਦਸਤਕ ਦਿੱਤੀ ਸੀ। ਭਾਰੀ ਮੀਂਹ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ।







