Punjab Politics: ‘ਪਿਜ਼ਾ 30 ਮਿੰਟਾਂ ’ਚ, ਚਿੱਟਾ 2 ਮਿੰਟਾਂ ’ਚ’—ਅਕਾਲੀ ਦਲ ਨੇ ਵੀਡੀਓ ਰਾਹੀਂ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ

‘ਪਿਜ਼ਾ 30 ਮਿੰਟਾਂ ’ਚ, ਚਿੱਟਾ 2 ਮਿੰਟਾਂ ’ਚ’—ਅਕਾਲੀ ਦਲ ਦੀ ਵੀਡੀਓ ਮਗਰੋਂ ਮਾਮਲਾ ਗਰਮਾਇਆ

ਬਠਿੰਡਾ: ਸ਼੍ਰੋਮਣੀ ਅਕਾਲੀ ਦਲ (ਸਦ) ਵੱਲੋਂ ਐਤਵਾਰ ਨੂੰ ਆਪਣੇ ਫੇਸਬੁੱਕ ਪੇਜ ’ਤੇ 3 ਮਿੰਟ 12 ਸਕਿੰਟ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਪਾਰਟੀ ਨੇ ਇਸਨੂੰ ਸਟਿੰਗ ਅਪਰੇਸ਼ਨ ਦੱਸਦਿਆਂ ਦਾਅਵਾ ਕੀਤਾ ਕਿ ਬਠਿੰਡਾ ਦੇ ਪਿੰਡ ਸੰਗਤ ਕਲਾਂ ਵਿੱਚ ਇੱਕ ਔਰਤ ਵੱਲੋਂ 600 ਰੁਪਏ ਵਿੱਚ ਕਥਿਤ ਤੌਰ ’ਤੇ ‘ਚਿੱਟਾ’ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਵੀਡੀਓ ਦੇ ਨਾਲ ਅਕਾਲੀ ਦਲ ਨੇ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਿੱਥੇ ਪਿਜ਼ਾ 30 ਮਿੰਟਾਂ ਅਤੇ ਬਲਿੰਕਿਟ ਦੀ ਡਿਲਿਵਰੀ 10 ਮਿੰਟਾਂ ਵਿੱਚ ਹੁੰਦੀ ਹੈ, ਉੱਥੇ ਕਥਿਤ ਤੌਰ ’ਤੇ ਚਿੱਟਾ ਦੋ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਮਿਲ ਰਿਹਾ ਹੈ।

ਪਾਰਟੀ ਨੇ ਮਾਮਲੇ ਦੀ ਤੁਰੰਤ ਜਾਂਚ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ਿਆਂ ਦੇ ਮੁੱਦੇ ’ਤੇ ਘੇਰਿਆ। ਅਕਾਲੀ ਦਲ ਨੇ ਕਿਹਾ ਕਿ ਸਰਕਾਰ ਨੂੰ ਸਿਰਫ਼ ਅੰਕੜੇ ਪੇਸ਼ ਕਰਨ ਦੀ ਬਜਾਏ ਪਿੰਡ-ਵਾਰ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਵੇਰਵਾ ਜਨਤਕ ਕਰਨਾ ਚਾਹੀਦਾ ਹੈ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਬਠਿੰਡਾ ਜ਼ਿਲ੍ਹੇ ਦੇ ਤਿੰਨ ਦਿਨਾਂ ਦੌਰੇ ’ਤੇ ਹਨ।

ਉੱਧਰ, ਥਾਣਾ ਸੰਗਤ ਦੇ ਐੱਸ.ਐੱਚ.ਓ. ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਵਾਇਰਲ ਕੀਤੀ ਗਈ ਵੀਡੀਓ ਸ਼ੁੱਕਰਵਾਰ ਦੀ ਹੈ। ਉਨ੍ਹਾਂ ਮੁਤਾਬਕ ਪੁਲੀਸ ਨੇ ਮਾਮਲੇ ਵਿੱਚ ਕੇਸ ਦਰਜ ਕਰਕੇ ਗੱਗੂ ਨਾਮਕ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 3 ਗ੍ਰਾਮ ਕਥਿਤ ਚਿੱਟਾ ਬਰਾਮਦ ਕੀਤਾ ਗਿਆ ਹੈ।

ਐੱਸ.ਐੱਚ.ਓ. ਨੇ ਇਹ ਵੀ ਕਿਹਾ ਕਿ ਸੰਗਤ ਇਲਾਕਾ ਨਸ਼ਿਆਂ ਦਾ ਕੋਈ ‘ਹੌਟਸਪੌਟ’ ਨਹੀਂ ਹੈ। ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।