ਦੋ ਨੌਜਵਾਨਾਂ ਦਾ ਕਤਲ, ਮਾਮੂਲੀ ਤਕਰਾਰ ਨੇ ਲਿਆ ਖੂਨੀ ਰੂਪ

ਸੰਗਰੂਰ, ਧੂਰੀ: ਧੂਰੀ ਸ਼ਹਿਰ ਵਿੱਚ ਮੰਗਲਵਾਰ ਨੂੰ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਨੇ ਖੂਨੀ ਰੂਪ ਧਾਰ ਲਿਆ, ਜਿਸ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾਂ ਦੀ ਪਛਾਣ ਅਨਿਲ ਕੁਮਾਰ ਪੁੱਤਰ ਲੱਖੀ ਰਾਮ ਅਤੇ ਦੇਵ ਪੁੱਤਰ ਸ਼ਸ਼ੀ ਕੁਮਾਰ, ਦੋਵੇਂ ਵਾਸੀ ਧੂਰੀ, ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ, ਧੂਰੀ ਦੇ ਕੱਕੜਵਾਲ ਚੌਕ ਵਿੱਚ ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਪਹਿਲਾਂ ਤਿੱਖੀ ਬਹਿਸ ਹੋਈ। ਕੁਝ ਹੀ ਸਮੇਂ ਵਿੱਚ ਮਾਮਲਾ ਹੱਥੋਪਾਈ ਅਤੇ ਹਮਲੇ ਤੱਕ ਪਹੁੰਚ ਗਿਆ। ਇਸ ਦੌਰਾਨ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਕਾਬੂ ਕੀਤਾ ਜਾ ਸਕੇ।

ਫ਼ਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਜਾਂਚ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ।