Canada Road Stunt: ਕਾਰ ਦੇ ਪਟਾਕੇ ਪਵਾਉਣੇ ਪਏ ਮਹਿੰਗੇ, ਵਿਦਿਆਰਥੀ ਨੂੰ ਹਜ਼ਾਰਾਂ ਡਾਲਰ ਦਾ ਜੁਰਮਾਨਾ
ਕੈਨੇਡਾ: ਭਾਰਤ ਤੋਂ ਉੱਚ ਪੜ੍ਹਾਈ ਲਈ ਕੈਨੇਡਾ ਆਏ ਇੱਕ ਵਿਦਿਆਰਥੀ ਨੂੰ ਸੜਕ ’ਤੇ ਕਾਰ ਦੇ ਪਟਾਕੇ ਪਵਾਉਣੇ ਅਤੇ ਤੇਜ਼ ਰੇਸ ਦੇਣੀ ਮਹਿੰਗੀ ਪੈ ਗਈ। ਓਨਟਾਰੀਓ ਸੂਬਾਈ ਪੁਲੀਸ ਦੇ ਸੂਤਰਾਂ ਮੁਤਾਬਕ, ਕਾਰ ਵਿੱਚ ਕੀਤੀਆਂ ਤਬਦੀਲੀਆਂ ਅਤੇ ਸੜਕ ’ਤੇ ਸ਼ੋਰ ਪੈਦਾ ਕਰਨ ਦੇ ਮਾਮਲੇ ਵਿੱਚ ਉਸ ਨੂੰ ਹਜ਼ਾਰਾਂ ਡਾਲਰ ਦਾ ਖਰਚਾ ਝੱਲਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਉਸ ਦੀ ਕਾਰ ਨੂੰ ਅਗਲੇ ਦੋ ਸਾਲਾਂ ਤੱਕ ਪੁਲੀਸ ਦੀ ਖ਼ਾਸ ਨਿਗਰਾਨੀ ਹੇਠ ਰੱਖਣ ਦੀ ਕਾਰਵਾਈ ਵੀ ਕੀਤੀ ਗਈ ਹੈ।
ਪੁਲੀਸ ਸੂਤਰਾਂ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਵਿਦਿਆਰਥੀ ਨੇ ਆਪਣੀ ਕਾਰ ਦੇ ਸਾਈਲੈਂਸਰ ਵਿੱਚ ਇਸ ਤਰ੍ਹਾਂ ਤਬਦੀਲੀ ਕੀਤੀ ਹੋਈ ਸੀ ਕਿ ਰੇਸ ਦੇਣ ਸਮੇਂ ਕਾਰ ਵਿੱਚੋਂ ਪਟਾਕਿਆਂ ਵਰਗੀ ਤੇਜ਼ ਆਵਾਜ਼ ਨਿਕਲਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਬੈਰੀ ਸ਼ਹਿਰ ਤੋਂ ਅੱਗੇ ਸੜਕ ਕਿਨਾਰੇ ਕਾਰ ਰੋਕ ਕੇ ਵਾਰ-ਵਾਰ ਰੇਸ ਦਿੰਦਾ ਅਤੇ ਇਸ ਆਵਾਜ਼ ਦਾ ਮਜ਼ਾ ਲੈਂਦਾ ਸੀ।
ਜਾਣਕਾਰੀ ਅਨੁਸਾਰ, ਇੱਕ ਪੰਜਾਬੀ ਵਿਅਕਤੀ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਤਰ੍ਹਾਂ ਸ਼ੋਰ ਪ੍ਰਦੂਸ਼ਣ ਹੁੰਦਾ ਹੈ ਅਤੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਹਾਲਾਂਕਿ, ਵਿਦਿਆਰਥੀ ਵੱਲੋਂ ਕਥਿਤ ਤੌਰ ’ਤੇ ਕਿਹਾ ਗਿਆ ਕਿ ਉਹ ਲੋਕਾਂ ਦੀ ਪਰਵਾਹ ਨਹੀਂ ਕਰਦਾ ਅਤੇ ਆਪਣੀ ਖੁਸ਼ੀ ਨੂੰ ਤਰਜੀਹ ਦਿੰਦਾ ਹੈ।
ਇਸ ਤੋਂ ਬਾਅਦ ਉਕਤ ਵਿਅਕਤੀ ਨੇ ਪੁਲੀਸ ਨੂੰ ਸੂਚਨਾ ਦਿੱਤੀ। ਕੁਝ ਹੀ ਸਮੇਂ ਬਾਅਦ ਇੱਕ ਪੁਲੀਸ ਅਧਿਕਾਰੀ ਬਿਨਾਂ ਨਿਸ਼ਾਨ ਵਾਲੀ ਗੱਡੀ ਵਿੱਚ ਮੌਕੇ ’ਤੇ ਪਹੁੰਚਿਆ ਅਤੇ ਘਟਨਾ ਸਬੰਧੀ ਸਬੂਤ ਇਕੱਠੇ ਕੀਤੇ। ਪੁਲੀਸ ਵੱਲੋਂ ਵਿਦਿਆਰਥੀ ਨੂੰ ਕਥਿਤ ਤੌਰ ’ਤੇ 500-500 ਡਾਲਰ ਦੀਆਂ ਚਾਰ ਟਿਕਟਾਂ ਜਾਰੀ ਕੀਤੀਆਂ ਗਈਆਂ।
ਕਾਰ ਨੂੰ ਦੋ ਹਫ਼ਤਿਆਂ ਲਈ ਟੋਅ ਕਰਕੇ ਹਿਰਾਸਤ ਵਿੱਚ ਲਿਆ ਗਿਆ, ਜਦਕਿ ਉਸ ਦਾ ਡਰਾਈਵਿੰਗ ਲਾਇਸੰਸ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਕਾਰ ਦਾ ਸਾਈਲੈਂਸਰ ਬਦਲਵਾ ਕੇ ਇਸ ਦਾ ਸਬੂਤ ਪੁਲੀਸ ਕੋਲ ਪੇਸ਼ ਕਰਨ ਦੀ ਹਦਾਇਤ ਦਿੱਤੀ ਗਈ। ਪੁਲੀਸ ਦੀ ਕਾਰਵਾਈ ਤਹਿਤ ਕਾਰ ਨੂੰ ਅਗਲੇ ਦੋ ਸਾਲਾਂ ਲਈ ਨਿਗਰਾਨੀ ਹੇਠ ਰੱਖਣ ਦੀ ਗੱਲ ਵੀ ਸਾਹਮਣੇ ਆਈ ਹੈ।
ਕਾਰ ਜ਼ਬਤ ਹੋਣ ਕਾਰਨ ਵਿਦਿਆਰਥੀ ਨੂੰ ਮੌਕੇ ਤੋਂ ਟੈਕਸੀ ਰਾਹੀਂ ਘਰ ਪਰਤਣਾ ਪਿਆ। ਹੁਣ ਜੁਰਮਾਨਿਆਂ ਤੋਂ ਇਲਾਵਾ ਕਾਰ ’ਤੇ ਲੋੜੀਂਦੀਆਂ ਤਬਦੀਲੀਆਂ ਕਰਵਾਉਣ ਲਈ ਵੀ ਉਸ ਨੂੰ ਵੱਡੀ ਰਕਮ ਖਰਚ ਕਰਨੀ ਪਵੇਗੀ। ਲਾਇਸੰਸ ਮੁਅੱਤਲੀ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੀ ਉਹ ਮੁੜ ਆਪਣੀ ਕਾਰ ਚਲਾ ਸਕੇਗਾ।
ਇਸ ਤਰ੍ਹਾਂ ਸੜਕ ’ਤੇ ਸ਼ੋਰ ਅਤੇ ਦਿਖਾਵੇਬਾਜ਼ੀ ਕਰਨ ਦੀ ਕਥਿਤ ਹਰਕਤ ਉਸ ਵਿਦਿਆਰਥੀ ਲਈ ਕਾਫ਼ੀ ਮਹਿੰਗੀ ਸਾਬਤ ਹੋਈ।







