Canada Air Ambulance: ਕੈਨੇਡਾ ’ਚ ਏਅਰ ਐਂਬੂਲੈਂਸ ਜਹਾਜ਼ ਨਾਲ ਸੰਪਰਕ ਟੁੱਟਿਆ

ਕੈਨੇਡਾ ਦੇ ਹਮਿਲਟਨ ਸ਼ਹਿਰ ਤੋਂ ਬਰਮੂਡਾ ਲਈ ਉਡਾਣ ਭਰਨ ਵਾਲੀ ਏਅਰ ਐਂਬੂਲੈਂਸ ਦਾ ਜਹਾਜ਼ ਬੀਤੀ ਦੇਰ ਰਾਤ ਅਚਾਨਕ ਲਾਪਤਾ ਹੋ ਗਿਆ। ਜਹਾਜ਼ ਵਿੱਚ ਪਾਇਲਟ, ਡਾਕਟਰੀ ਅਮਲਾ ਅਤੇ ਇੱਕ ਮਰੀਜ਼ ਸਮੇਤ ਕੁੱਲ 6 ਲੋਕ ਸਵਾਰ ਸਨ। ਉਡਾਣ ਦੌਰਾਨ ਅਮਰੀਕਾ ਦੇ ਤੱਟੀ ਖੇਤਰ ਦੇ ਉੱਪਰੋਂ ਲੰਘਦਿਆਂ ਜਹਾਜ਼ ਨਾਲ ਸੰਪਰਕ ਟੁੱਟ ਗਿਆ, ਜਿਸ ਤੋਂ ਬਾਅਦ ਇਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ।

ਲੈਟੀਚਿਊਡ ਏਅਰ ਐਂਬੂਲੈਂਸ ਕੰਪਨੀ ਵੱਲੋਂ ਹਮਿਲਟਨ ਤੋਂ ਚਾਰ ਜੈਟ ਸੀ-ਗਰਿਪ ਗਲਫਸਟਰੀਮ ਜੀ-100 ਜਹਾਜ਼ਾਂ ਰਾਹੀਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਹੀ ਇੱਕ ਜਹਾਜ਼ ਬਰਮੂਡਾ ਲਈ ਰਵਾਨਾ ਹੋਇਆ ਸੀ, ਜਿਸ ਦਾ ਸੰਪਰਕ ਟੁੱਟਣ ਤੋਂ ਬਾਅਦ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਇਹ ਜਹਾਜ਼ ਲੰਬੀ ਦੂਰੀ ਦੀਆਂ ਉਡਾਣਾਂ ਲਈ ਬਣੇ ਹੋਏ ਹਨ ਅਤੇ ਲਗਭਗ 5,000 ਕਿਲੋਮੀਟਰ ਤੱਕ ਉਡਾਣ ਭਰਨ ਦੀ ਸਮਰੱਥਾ ਰੱਖਦੇ ਹਨ।

ਖ਼ਬਰ ਲਿਖੇ ਜਾਣ ਤੱਕ ਅਮਰੀਕੀ ਬਚਾਅ ਟੀਮਾਂ ਵੱਲੋਂ ਲਾਪਤਾ ਜਹਾਜ਼ ਦੀ ਭਾਲ ਜਾਰੀ ਸੀ। ਹਾਲਾਂਕਿ, ਬਚਾਅ ਦਲ ਨੂੰ ਜਹਾਜ਼ ਦੀ ਆਖਰੀ ਸਥਿਤੀ ਬਾਰੇ ਵੀ ਕੋਈ ਠੋਸ ਸੰਕੇਤ ਨਹੀਂ ਮਿਲਿਆ ਸੀ। ਇਸ ਦੌਰਾਨ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਏਅਰ ਐਂਬੂਲੈਂਸ ਨੂੰ ਵਿਸ਼ੇਸ਼ ਤੌਰ ’ਤੇ ਬਰਮੂਡਾ ਕਿਉਂ ਭੇਜਿਆ ਗਿਆ ਸੀ।