Arvind Kejriwal AAP Convener: ਅਰਵਿੰਦ ਕੇਜਰੀਵਾਲ ਮੁੜ ‘ਆਪ’ ਦੇ ਕੌਮੀ ਕਨਵੀਨਰ, 23 ਮੈਂਬਰੀ ਕੌਮੀ ਕਾਰਜਕਾਰਨੀ ਦਾ ਗਠਨ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੀ ਨੈਸ਼ਨਲ ਕੌਂਸਲ ਦੀ ਅੱਜ ਸ਼ਾਮ ਹੋਈ ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਮੁੜ ਪਾਰਟੀ ਦਾ ਕੌਮੀ ਕਨਵੀਨਰ ਚੁਣ ਲਿਆ ਗਿਆ। ਮੀਟਿੰਗ ਵਿੱਚ ਨੈਸ਼ਨਲ ਕੌਂਸਲ ਦੇ 330 ਮੈਂਬਰਾਂ ਨੇ ਵਰਚੁਅਲ ਮਾਧਿਅਮ ਰਾਹੀਂ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਪੰਕਜ ਗੁਪਤਾ ਨੂੰ ਕੌਮੀ ਸਕੱਤਰ ਅਤੇ ਐੱਨ.ਡੀ. ਗੁਪਤਾ ਨੂੰ ਖ਼ਜ਼ਾਨਚੀ ਦੇ ਅਹੁਦੇ ’ਤੇ ਬਰਕਰਾਰ ਰੱਖਿਆ ਗਿਆ। ਇਸ ਦੇ ਨਾਲ ਹੀ ਪਾਰਟੀ ਵੱਲੋਂ ਨਵੀਂ 23 ਮੈਂਬਰੀ ਕੌਮੀ ਕਾਰਜਕਾਰਨੀ ਦਾ ਵੀ ਗਠਨ ਕੀਤਾ ਗਿਆ।
ਕੇਜਰੀਵਾਲ ਦੇ ਮੁੜ ਕੌਮੀ ਕਨਵੀਨਰ ਚੁਣੇ ਜਾਣ ਤੋਂ ਬਾਅਦ ‘ਆਪ’ ਦੇ ਆਗੂਆਂ ਅਤੇ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਾਰਟੀ ਆਗੂਆਂ ਮੁਤਾਬਕ ਨਵੀਂ ਕੌਮੀ ਟੀਮ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਪਾਰਟੀ ਦੇ ਵਿਸਥਾਰ ਅਤੇ ਭਵਿੱਖ ਦੀ ਰਣਨੀਤੀ ਤਿਆਰ ਕਰਨ ਲਈ ਮਿਲ ਕੇ ਕੰਮ ਕਰੇਗੀ।
‘ਆਪ’ ਵੱਲੋਂ ਦੇਸ਼ ਭਰ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਪਣਾ ਆਧਾਰ ਵਧਾਉਣ ’ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ। ਨੈਸ਼ਨਲ ਕੌਂਸਲ ਦੀ ਇਸ ਮੀਟਿੰਗ ਨੂੰ ਵੀ ਪਾਰਟੀ ਦੇ ਅਗਲੇ ਸੰਗਠਨਾਤਮਕ ਅਤੇ ਰਾਜਨੀਤਿਕ ਰੁਖ ਲਈ ਅਹਿਮ ਮੰਨਿਆ ਜਾ ਰਿਹਾ ਹੈ।







