Amritpal Singh Parole: ਦਾਦੀ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਣ ਲਈ ਡਿਬਰੂਗੜ੍ਹ ਪਹੁੰਚੀ ਪੰਜਾਬ ਪੁਲੀਸ

Writing

Amritpal Singh Parole: ਦਾਦੀ ਦੇ ਸਸਕਾਰ ਲਈ ਅੰਮ੍ਰਿਤਪਾਲ ਸਿੰਘ ਨੂੰ ਲੈਣ ਡਿਬਰੂਗੜ੍ਹ ਪਹੁੰਚੀ ਪੰਜਾਬ ਪੁਲੀਸ, 21 ਨਵੰਬਰ ਨੂੰ ਪਿੰਡ ਆਉਣਗੇ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਉਨ੍ਹਾਂ ਦੀ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਕਰਵਾਉਣ ਲਈ ਪੰਜਾਬ ਪੁਲੀਸ ਦੀ ਪੰਜ ਮੈਂਬਰੀ ਟੀਮ ਡਿਬਰੂਗੜ੍ਹ ਪਹੁੰਚ ਗਈ ਹੈ। ਪੁਲੀਸ ਟੀਮ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਹਿਲਾਂ ਹਵਾਈ ਜਹਾਜ਼ ਰਾਹੀਂ ਦਿੱਲੀ ਲਿਆਵੇਗੀ ਅਤੇ ਫਿਰ ਅੰਮ੍ਰਿਤਸਰ ਪਹੁੰਚਾਇਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਸੜਕ ਰਸਤੇ ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਲਿਜਾਇਆ ਜਾਵੇਗਾ।

ਅਦਾਲਤ ਵੱਲੋਂ ਮਿਲੀ ਇਜਾਜ਼ਤ ਮੁਤਾਬਕ ਅੰਮ੍ਰਿਤਪਾਲ ਸਿੰਘ 21 ਨਵੰਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸਿਰਫ਼ ਤਿੰਨ ਘੰਟੇ ਲਈ ਪਿੰਡ ਵਿੱਚ ਰਹਿ ਸਕਣਗੇ। ਇਸ ਦੌਰਾਨ ਉਹ ਆਪਣੀ ਦਾਦੀ ਮਾਤਾ ਚਰਨ ਕੌਰ ਦੇ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੀ ਆਵਾਜਾਈ ਦੌਰਾਨ ਪੰਜਾਬ ਪੁਲੀਸ ਦੀ ਟੀਮ ਨਾਲ ਰਹੇਗੀ ਅਤੇ ਪਿੰਡ ਵਿੱਚ ਵੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਜਾਣਗੇ।

ਹਵਾਈ ਸਫ਼ਰ ਅਤੇ ਸੁਰੱਖਿਆ ਦਾ ਕਰੀਬ 10 ਲੱਖ ਰੁਪਏ ਖਰਚਾ ਪਰਿਵਾਰ ਦੇਵੇਗਾ

ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਉਣ ਅਤੇ ਵਾਪਸ ਲਿਜਾਣ ’ਤੇ ਆਉਣ ਵਾਲਾ ਸਾਰਾ ਖਰਚਾ ਉਨ੍ਹਾਂ ਦੇ ਪਰਿਵਾਰ ਵੱਲੋਂ ਅਦਾ ਕੀਤਾ ਜਾ ਰਿਹਾ ਹੈ। ਇਸ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਸੁਰੱਖਿਆ ਕਰਮਚਾਰੀਆਂ ਦੀਆਂ ਹਵਾਈ ਟਿਕਟਾਂ ਸਮੇਤ ਹੋਰ ਯਾਤਰਾ ਖਰਚੇ ਸ਼ਾਮਲ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਇਸ ਪੂਰੀ ਪ੍ਰਕਿਰਿਆ ’ਤੇ ਲਗਪਗ 10 ਲੱਖ ਰੁਪਏ ਖਰਚ ਹੋਣਗੇ, ਜਿਨ੍ਹਾਂ ਵਿੱਚੋਂ ਕਰੀਬ ਸਾਢੇ 7 ਲੱਖ ਰੁਪਏ ਹਵਾਈ ਟਿਕਟਾਂ ਦਾ ਖਰਚਾ ਹੈ।

ਅੰਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਹਰਜੋਤ ਸਿੰਘ ਮਾਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਸਿਰਫ਼ ਤਿੰਨ ਘੰਟਿਆਂ ਲਈ ਜੱਲੂਪੁਰ ਖੇੜਾ ਲਿਆਂਦਾ ਜਾਵੇਗਾ। ਉਨ੍ਹਾਂ ਦੇ ਆਉਣ-ਜਾਣ ਅਤੇ ਸੁਰੱਖਿਆ ਮੁਲਾਜ਼ਮਾਂ ਦੇ ਸਫ਼ਰ ਦਾ ਸਾਰਾ ਖਰਚਾ ਪਰਿਵਾਰ ਵੱਲੋਂ ਚੁੱਕਿਆ ਜਾ ਰਿਹਾ ਹੈ।

ਅਦਾਲਤੀ ਹੁਕਮਾਂ ਤਹਿਤ ਅੰਮ੍ਰਿਤਪਾਲ ਸਿੰਘ ਦੇ ਚਾਚਾ ਅਤੇ ਭੂਆ ਦੇ ਪੁੱਤਰ ਨੂੰ ਵੀ ਨਿਰਧਾਰਤ ਸਮੇਂ ਦੌਰਾਨ ਪਿੰਡ ਵਿੱਚ ਸਸਕਾਰ ਦੀਆਂ ਰਸਮਾਂ ਲਈ ਲਿਆਂਦਾ ਜਾਵੇਗਾ।

8 ਨਵੰਬਰ ਨੂੰ ਹੋਇਆ ਸੀ ਦਾਦੀ ਚਰਨ ਕੌਰ ਦਾ ਦੇਹਾਂਤ

ਅੰਮ੍ਰਿਤਪਾਲ ਸਿੰਘ ਦੀ 84 ਸਾਲਾ ਦਾਦੀ ਮਾਤਾ ਚਰਨ ਕੌਰ ਦਾ ਬੀਤੀ 8 ਨਵੰਬਰ ਨੂੰ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਪਰਿਵਾਰ ਦੀ ਇੱਛਾ ਸੀ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਅੰਮ੍ਰਿਤਪਾਲ ਸਿੰਘ ਦੀ ਮੌਜੂਦਗੀ ਵਿੱਚ ਕੀਤਾ ਜਾਵੇ। ਇਸੇ ਕਾਰਨ ਸਸਕਾਰ ਦੀਆਂ ਰਸਮਾਂ ਨੂੰ ਉਨ੍ਹਾਂ ਦੇ ਪੰਜਾਬ ਪਹੁੰਚਣ ਤੱਕ ਮੁਲਤਵੀ ਰੱਖਿਆ ਗਿਆ ਸੀ।

ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੂੰ 14 ਨਵੰਬਰ ਨੂੰ ਸਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲੀ ਸੀ, ਪਰ ਘੱਟ ਸਮੇਂ ਵਿੱਚ ਆਵਾਜਾਈ ਦੇ ਲੋੜੀਂਦੇ ਪ੍ਰਬੰਧ ਨਾ ਹੋ ਸਕਣ ਕਾਰਨ ਉਹ ਪੰਜਾਬ ਨਹੀਂ ਪਹੁੰਚ ਸਕੇ। ਇਸ ਮਗਰੋਂ ਪਰਿਵਾਰ ਨੇ ਸਸਕਾਰ ਦੀ ਤਰੀਕ ਅੱਗੇ ਵਧਾ ਦਿੱਤੀ ਸੀ।

ਪਰਿਵਾਰ ਵੱਲੋਂ ਮੁੜ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ। ਇਸ ’ਤੇ 17 ਨਵੰਬਰ ਨੂੰ ਸੁਣਵਾਈ ਕਰਦਿਆਂ ਅੰਮ੍ਰਿਤਸਰ ਦੀ ਅਦਾਲਤ ਨੇ 21 ਨਵੰਬਰ ਲਈ ਤਿੰਨ ਘੰਟਿਆਂ ਦੀ ਹਿਰਾਸਤੀ ਪੈਰੋਲ ਮਨਜ਼ੂਰ ਕਰ ਦਿੱਤੀ।

ਸਸਕਾਰ ਤੋਂ ਬਾਅਦ ਦੀਆਂ ਰਸਮਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਣਗੇ ਸ਼ਾਮਲ

ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੀ ਪਿੰਡ ਵਿੱਚ ਮੌਜੂਦਗੀ ਸਬੰਧੀ ਸਮਾਂ ਅਤੇ ਸ਼ਰਤਾਂ ਵੀ ਨਿਰਧਾਰਤ ਕੀਤੀਆਂ ਹਨ। ਉਹ 21 ਨਵੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਹੀ ਜੱਲੂਪੁਰ ਖੇੜਾ ਵਿੱਚ ਰਹਿ ਸਕਣਗੇ। ਉਨ੍ਹਾਂ ਨੂੰ ਸਸਕਾਰ ਤੋਂ ਇਲਾਵਾ ਕਿਸੇ ਹੋਰ ਸਮਾਗਮ ਜਾਂ ਜਨਤਕ ਇਕੱਠ ਵਿੱਚ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।

ਇਸ ਤੋਂ ਬਾਅਦ 22 ਨਵੰਬਰ ਨੂੰ ਅਸਥੀਆਂ ਚੁਗਣ ਦੀ ਰਸਮ ਅਤੇ 23 ਨਵੰਬਰ ਨੂੰ ਅਖੰਡ ਪਾਠ ਦੇ ਭੋਗ ਸਮਾਗਮ ਵਿੱਚ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਮੂਲੀਅਤ ਕਰਨਗੇ।

ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਅਣਸੁਖਾਵੀਂ ਘਟਨਾ ਦਾ ਖ਼ਦਸ਼ਾ ਬਣਦਾ ਹੈ ਜਾਂ ਅਮਨ-ਕਾਨੂੰਨ ਦੀ ਸਥਿਤੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੁੰਦੀ ਹੈ ਤਾਂ ਪ੍ਰਸ਼ਾਸਨ ਉਨ੍ਹਾਂ ਨੂੰ ਤੁਰੰਤ ਸਸਕਾਰ ਵਾਲੀ ਥਾਂ ਤੋਂ ਹਟਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਅਪਰੈਲ 2023 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਪਹੁੰਚਣਗੇ।