ਪੰਜਾਬ ਵਿੱਚ ਅਨਾਜ ਦੀ ਖਰੀਦ, ਭੰਡਾਰਨ ਅਤੇ ਸਾਂਭ-ਸੰਭਾਲ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਵੱਲੋਂ ਜਾਂਚ ਦਾ ਘੇਰਾ ਵਧਾਇਆ ਜਾ ਰਿਹਾ ਹੈ। ਇਸ ਸਬੰਧੀ 25 ਅਤੇ 26 ਨਵੰਬਰ ਨੂੰ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਈਡੀ ਵੱਲੋਂ 28 ਨਵੰਬਰ ਨੂੰ ਜਾਰੀ ਪ੍ਰੈੱਸ ਨੋਟ ਅਨੁਸਾਰ ਇਹ ਕਾਰਵਾਈ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (PMLA), 2002 ਤਹਿਤ ਕੀਤੀ ਗਈ।
ਈਡੀ ਦੀ ਪ੍ਰੈੱਸ ਰਿਲੀਜ਼ ਮੁਤਾਬਕ ਜਾਂਚ ਦੌਰਾਨ ਮੈਸਰਜ਼ ਓਰੀਗੋ ਕਮੋਡਿਟੀਜ਼ ਇੰਡੀਆ ਪ੍ਰਾਈਵੇਟ ਲਿਮਟਿਡ, ਮੈਸਰਜ਼ ਗ੍ਰੇਮਾਰਬਲ ਇਨਫਰਾ ਪ੍ਰਾਈਵੇਟ ਲਿਮਟਿਡ (GMI) ਅਤੇ ਮੈਸਰਜ਼ ਸ਼ਿਵਾਲਿਕ ਐਗਰੋ ਪੌਲੀ ਪ੍ਰੋਡਕਟਸ ਲਿਮਟਿਡ ਨਾਲ ਜੁੜੇ ਵਿਅਕਤੀਆਂ ਦੇ ਰਿਹਾਇਸ਼ੀ ਅਤੇ ਵਪਾਰਕ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਇਹ ਜਾਂਚ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (FCI) ਦੇ ਅਧਿਕਾਰੀਆਂ ਅਤੇ ਹੋਰਨਾਂ ਖ਼ਿਲਾਫ਼ ਸੀਬੀਆਈ ਵੱਲੋਂ ਦਰਜ ਐੱਫਆਈਆਰ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਸੀ। ਇਸ ਵਿੱਚ ਨਿੱਜੀ ਸੰਸਥਾਵਾਂ ਨੂੰ ਗੈਰ-ਕਾਨੂੰਨੀ ਲਾਭ ਪਹੁੰਚਾਉਣ ਬਦਲੇ ਕਥਿਤ ਤੌਰ ’ਤੇ ਰਿਸ਼ਵਤ ਲੈਣ ਦੇ ਦੋਸ਼ ਸ਼ਾਮਲ ਹਨ।
ਪਨਗ੍ਰੇਨ ਦੇ ਠੇਕਿਆਂ ਵਿੱਚ ਕਥਿਤ ਬੇਨਿਯਮੀਆਂ
ਜਾਂਚ ਏਜੰਸੀ ਅਨੁਸਾਰ ਸਾਲ 2019-20 ਦੌਰਾਨ ਪਨਗ੍ਰੇਨ ਵੱਲੋਂ ਦਿੱਤੇ ਗਏ ਠੇਕਿਆਂ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਈਡੀ ਨੂੰ ਸ਼ੱਕ ਹੈ ਕਿ ਗੈਰ-ਕਾਨੂੰਨੀ ਲਾਭ ਦੇ ਬਦਲੇ ਸੀਨੀਅਰ ਨੌਕਰਸ਼ਾਹਾਂ ਦੀ ਕਥਿਤ ਮਿਲੀਭੁਗਤ ਨਾਲ ਮੈਸਰਜ਼ ਓਰੀਗੋ ਕਮੋਡਿਟੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਨਾਜਾਇਜ਼ ਫਾਇਦੇ ਪਹੁੰਚਾਏ ਗਏ। ਇਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਕਈ ਕਰੋੜ ਰੁਪਏ ਦਾ ਅਨੁਮਾਨਿਤ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਜ਼ਮੀਨ ਦੀ ਖਰੀਦ ਅਤੇ ਸ਼ੱਕੀ ਪੈਸੇ ਦੇ ਨਿਵੇਸ਼ ਦੀ ਪੜਤਾਲ
ਈਡੀ ਵੱਲੋਂ ਕਥਿਤ ਭ੍ਰਿਸ਼ਟ ਗਤੀਵਿਧੀਆਂ ਰਾਹੀਂ ਹਾਸਲ ਕੀਤੀ ਗਈ ਰਕਮ ਨੂੰ ਜਾਇਦਾਦਾਂ ਵਿੱਚ ਨਿਵੇਸ਼ ਕਰਨ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਏਜੰਸੀ ਅਨੁਸਾਰ ਇਸ ਰਕਮ ਦਾ ਇੱਕ ਹਿੱਸਾ ਮੈਸਰਜ਼ ਗ੍ਰੇਮਾਰਬਲ ਇਨਫਰਾ ਪ੍ਰਾਈਵੇਟ ਲਿਮਟਿਡ (GMI) ਅਤੇ ਇੱਕ ਸੀਨੀਅਰ ਨੌਕਰਸ਼ਾਹ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਨਾਮ ’ਤੇ ਜ਼ਮੀਨ ਖਰੀਦਣ ਵਿੱਚ ਲਗਾਏ ਜਾਣ ਦਾ ਸ਼ੱਕ ਹੈ।
ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਨਜ਼ਦੀਕੀ ਰਿਸ਼ਤੇਦਾਰ ਦੇ ਨਾਮ ’ਤੇ ਖਰੀਦੀ ਗਈ ਇੱਕ ਏਕੜ ਜ਼ਮੀਨ ਦੀ ਅਦਾਇਗੀ ਅਸਲ ਕੀਮਤ ਨਾਲੋਂ ਕਾਫ਼ੀ ਘੱਟ ਦਰਸਾਈ ਗਈ। ਜਾਂਚ ਏਜੰਸੀ ਇਸ ਨੂੰ ਅਸਲ ਵਿਕਰੀ ਮੁੱਲ ਲੁਕਾਉਣ ਅਤੇ ਕਥਿਤ ਅਪਰਾਧ ਦੀ ਆਮਦਨ ਨੂੰ ਅਚੱਲ ਜਾਇਦਾਦ ਵਿੱਚ ਨਿਵੇਸ਼ ਕਰਨ ਦੇ ਸ਼ੱਕੀ ਤਰੀਕੇ ਵਜੋਂ ਦੇਖ ਰਹੀ ਹੈ।
ਇਸ ਤੋਂ ਇਲਾਵਾ ਈਡੀ ਵੱਲੋਂ ਸਬੰਧਤ ਨੌਕਰਸ਼ਾਹ ਦੇ ਮੈਸਰਜ਼ ਸ਼ਿਵਾਲਿਕ ਐਗਰੋ ਪੌਲੀ ਪ੍ਰੋਡਕਟਸ ਲਿਮਟਿਡ ਨਾਲ ਜੁੜੇ ਵਿਅਕਤੀਆਂ ਨਾਲ ਕਥਿਤ ਸੰਪਰਕ ਅਤੇ ਪਰਿਵਾਰਕ ਮੈਂਬਰਾਂ ਰਾਹੀਂ ਕੰਪਨੀ ਵਿੱਚ ਵਿੱਤੀ ਹਿੱਸੇਦਾਰੀ ਹੋਣ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਏਜੰਸੀ ਮੁਤਾਬਕ ਇਹ ਕੰਪਨੀ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਿੱਚ ਸਬੰਧਤ ਨੌਕਰਸ਼ਾਹ ਦੇ ਕਾਰਜਕਾਲ ਦੌਰਾਨ ਅਤੇ ਉਸ ਤੋਂ ਬਾਅਦ ਵੀ ਪਨਗ੍ਰੇਨ ਨੂੰ ਲੋ-ਡੈਨਸਿਟੀ ਪੌਲੀਥੀਲੀਨ (LDPE) ਕਵਰਾਂ ਦੀ ਸਪਲਾਈ ਕਰਨ ਲਈ ਟੈਂਡਰ ਹਾਸਲ ਕਰਦੀ ਰਹੀ ਹੈ।
ਈਡੀ ਅਨੁਸਾਰ ਛਾਪੇਮਾਰੀ ਦਾ ਮੁੱਖ ਮਕਸਦ ਸੀਨੀਅਰ ਨੌਕਰਸ਼ਾਹਾਂ, ਸਰਕਾਰੀ ਅਧਿਕਾਰੀਆਂ, ਨਿੱਜੀ ਠੇਕੇਦਾਰਾਂ ਅਤੇ ਰੀਅਲ ਅਸਟੇਟ ਡਿਵੈਲਪਰਾਂ ਵਿਚਕਾਰ ਕਥਿਤ ਗੱਠਜੋੜ ਦਾ ਪਤਾ ਲਗਾਉਣਾ, ਅਪਰਾਧ ਦੀ ਆਮਦਨ ਦੀ ਪਛਾਣ ਕਰਨਾ ਅਤੇ ਪਰਿਵਾਰਕ ਮੈਂਬਰਾਂ ਤੇ ਸਹਿਯੋਗੀਆਂ ਦੇ ਨਾਮ ’ਤੇ ਰੱਖੀਆਂ ਗਈਆਂ ਜਾਇਦਾਦਾਂ ਦੀ ਪੜਤਾਲ ਕਰਨਾ ਹੈ। ਏਜੰਸੀ ਨੇ ਕਿਹਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।








