ਵਿਆਹ ਚ ਨੱਚਦੇ ਹੋਏ ਗੋਲੀ ਲੱਗਣ ਨਾਲ ਲਾੜੇ ਦੀ ਭੈਣ ਦੀ ਮੌਤ

ਬਹਾਦਰਗੜ੍ਹ ਦੀ ਕੁਬੇਰ ਕਾਲੋਨੀ ਵਿੱਚ ਵੀਰਵਾਰ ਦੇਰ ਰਾਤ ਇੱਕ ਵਿਆਹ ਸਮਾਗਮ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਘੁੜਚੜ੍ਹੀ ਦੀ ਰਸਮ ਮੌਕੇ ਨੱਚ ਰਹੀ ਲਾੜੇ ਦੀ ਭੈਣ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 30 ਸਾਲਾ ਮਨੀਸ਼ਾ ਵਜੋਂ ਹੋਈ ਹੈ। ਗੰਭੀਰ ਜ਼ਖ਼ਮੀ ਹਾਲਤ ਵਿੱਚ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਨਦੀਪ ਦੇ ਵਿਆਹ ਦੀ ਘੁੜਚੜ੍ਹੀ ਦੀ ਰਸਮ ਚੱਲ ਰਹੀ ਸੀ। ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਖੁਸ਼ੀ ਵਿੱਚ ਨੱਚ ਰਹੇ ਸਨ। ਇਸੇ ਦੌਰਾਨ ਲਾੜੇ ਦਾ ਦੋਸਤ ਦੀਪਕ ਹਵਾਈ ਫਾਇਰਿੰਗ ਕਰ ਰਿਹਾ ਸੀ। ਅਚਾਨਕ ਚੱਲੀ ਇੱਕ ਗੋਲੀ ਮਨੀਸ਼ਾ ਦੇ ਸਿਰ ਵਿੱਚ ਜਾ ਲੱਗੀ।

ਗੋਲੀ ਲੱਗਣ ਤੋਂ ਬਾਅਦ ਵਿਆਹ ਸਮਾਗਮ ਵਿੱਚ ਹਫ਼ੜਾ-ਦਫ਼ੜੀ ਮਚ ਗਈ ਅਤੇ ਖੁਸ਼ੀਆਂ ਦਾ ਮਾਹੌਲ ਚੀਕ-ਚਿਹਾੜੇ ਵਿੱਚ ਬਦਲ ਗਿਆ। ਦੱਸਿਆ ਜਾ ਰਿਹਾ ਹੈ ਕਿ ਮਨੀਸ਼ਾ ਦਾ ਵਿਆਹ ਕਰੀਬ 10 ਸਾਲ ਪਹਿਲਾਂ ਰੇਵਾੜੀ ਦੇ ਰਹਿਣ ਵਾਲੇ ਖੁਸ਼ੀਰਾਮ ਨਾਲ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ।

ਇਸ ਦਰਦਨਾਕ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਵਿਆਹ ਦੀਆਂ ਖੁਸ਼ੀਆਂ ਇੱਕ ਪਲ ਵਿੱਚ ਮਾਤਮ ਵਿੱਚ ਬਦਲ ਗਈਆਂ।