ਆਈ.ਟੀ. ਅਤੇ ਬੈਂਕਿੰਗ ਸ਼ੇਅਰਾਂ ’ਚ ਵਿਕਰੀ ਦਾ ਦਬਾਅ, ਸੈਂਸੈਕਸ 339 ਅੰਕ ਡਿੱਗਿਆ
ਮੁੰਬਈ: ਸੂਚਨਾ ਤਕਨਾਲੋਜੀ (ਆਈ.ਟੀ.) ਖੇਤਰ ਦੀਆਂ ਕੰਪਨੀਆਂ ਅਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਸ਼ੇਅਰਾਂ ਵਿੱਚ ਮੁਨਾਫ਼ਾਵਸੂਲੀ ਕਾਰਨ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਕਾਰੋਬਾਰ ਦੇ ਸ਼ੁਰੂਆਤੀ ਸਮੇਂ ਦੌਰਾਨ ਸੈਂਸੈਕਸ ਅਤੇ ਨਿਫਟੀ ਦੋਵੇਂ ਲਾਲ ਨਿਸ਼ਾਨ ’ਤੇ ਰਹੇ।
30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ 339 ਅੰਕ ਡਿੱਗ ਕੇ 83,958.53 ਦੇ ਪੱਧਰ ’ਤੇ ਪਹੁੰਚ ਗਿਆ। ਇਸੇ ਤਰ੍ਹਾਂ 50 ਸ਼ੇਅਰਾਂ ਵਾਲਾ ਐੱਨ.ਐੱਸ.ਈ. ਨਿਫਟੀ 73.10 ਅੰਕਾਂ ਦੀ ਗਿਰਾਵਟ ਨਾਲ 25,812.35 ’ਤੇ ਕਾਰੋਬਾਰ ਕਰਦਾ ਰਿਹਾ।
ਸੈਂਸੈਕਸ ਵਿੱਚ ਸ਼ਾਮਲ ਕੰਪਨੀਆਂ ਵਿੱਚ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.), ਐੱਚ.ਸੀ.ਐੱਲ. ਟੈੱਕ, ਇਨਫੋਸਿਸ, ਐੱਚ.ਡੀ.ਐੱਫ.ਸੀ. ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ ਵਿੱਚ ਕਾਫ਼ੀ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਟਾਈਟਨ, ਟਾਟਾ ਸਟੀਲ, ਭਾਰਤ ਇਲੈਕਟ੍ਰਾਨਿਕਸ ਅਤੇ ਪਾਵਰ ਗਰਿੱਡ ਦੇ ਸ਼ੇਅਰ ਵੀ ਨੁਕਸਾਨ ਵਿੱਚ ਕਾਰੋਬਾਰ ਕਰ ਰਹੇ ਸਨ।
ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦਾ ਮਿਆਰੀ ਭਾਅ ਬ੍ਰੈਂਟ ਕਰੂਡ 96.50 ਡਾਲਰ ਪ੍ਰਤੀ ਬੈਰਲ ’ਤੇ ਰਿਹਾ। ਉੱਧਰ, ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 5,843.33 ਕਰੋੜ ਰੁਪਏ ਦੇ ਸ਼ੇਅਰਾਂ ਦੀ ਖਰੀਦ ਕੀਤੀ ਸੀ।
ਏਸ਼ੀਆ ਦੇ ਹੋਰ ਪ੍ਰਮੁੱਖ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਸਨ। ਉੱਧਰ, ਅਮਰੀਕਾ ਦੇ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਛੁੱਟੀ ਹੋਣ ਕਾਰਨ ਬੰਦ ਰਹੇ।
ਇਸੇ ਦੌਰਾਨ ਮੁਦਰਾ ਬਾਜ਼ਾਰ ਵਿੱਚ ਵੀ ਰੁਪਏ ਦੀ ਕਮਜ਼ੋਰੀ ਜਾਰੀ ਰਹੀ। ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 9 ਪੈਸੇ ਡਿੱਗ ਕੇ 92.47 ਦੇ ਪੱਧਰ ’ਤੇ ਆ ਗਿਆ।








