CJP ਦੇ ਤਿੰਨ ਪ੍ਰਮੁੱਖ ਆਗੂਆਂ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ, ਮੁੰਬਈ ਪੁਲੀਸ ਦੀ ਕਾਰਵਾਈ
ਮੁੰਬਈ: ਮੁੰਬਈ ਪੁਲੀਸ ਨੇ ਵੀਰਵਾਰ ਨੂੰ ਕਾਕਰੋਚ ਜਨਤਾ ਪਾਰਟੀ (CJP) ਦੇ ਕੌਮੀ ਕਨਵੀਨਰ ਅਭਿਜੀਤ ਦੀਪਕੇ ਅਤੇ ਸਹਿ-ਕਨਵੀਨਰਾਂ ਆਸ਼ੂਤੋਸ਼ ਰੰਕਾ ਤੇ ਸੌਰਵ ਦਾਸ ਵਿਰੁੱਧ ਲੁੱਕਆਊਟ ਸਰਕੂਲਰ (LOC) ਜਾਰੀ ਕੀਤੇ ਹਨ। ਇਹ ਕਾਰਵਾਈ 2 ਅਕਤੂਬਰ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਹੋਏ ਪ੍ਰਦਰਸ਼ਨ ਨਾਲ ਸਬੰਧਤ ਐੱਫ.ਆਈ.ਆਰ. ਦੇ ਮਾਮਲੇ ਵਿੱਚ ਕੀਤੀ ਗਈ ਹੈ।
ਇਹ ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ, ਜਦੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਸੌਰਵ ਦਾਸ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਵਿਦੇਸ਼ ਜਾਣ ਵਾਲੀ ਉਡਾਣ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਦਾਸ ਨੇ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਵੀਰਵਾਰ ਨੂੰ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਜਸਟਿਸ ਅਮਿਤ ਮਹਾਜਨ ਦੇ ਬੈਂਚ ਨੂੰ ਦੱਸਿਆ ਕਿ ਦਾਸ ’ਤੇ ਯਾਤਰਾ ਪਾਬੰਦੀ ਮਹਾਰਾਸ਼ਟਰ ਪੁਲੀਸ ਦੀ ਵਿਸ਼ੇਸ਼ ਬੇਨਤੀ ’ਤੇ ਲਗਾਈ ਗਈ ਸੀ।
ਦਾਸ ਨੇ 23 ਨਵੰਬਰ ਦੀ ਰਾਤ ਨੂੰ ਆਕਸਫੋਰਡ ਵਿਖੇ ਹੋਣ ਵਾਲੀ ਪੈਨਲ ਚਰਚਾ ਵਿੱਚ ਹਿੱਸਾ ਲੈਣ ਲਈ ਬਰਤਾਨੀਆ ਜਾਣਾ ਸੀ। ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਹਵਾਈ ਅੱਡੇ ’ਤੇ ਰੋਕ ਲਿਆ। ਇਸ ਦੌਰਾਨ ਪਤਾ ਲੱਗਾ ਕਿ ਉਸ ਦੇ ਪਾਸਪੋਰਟ ’ਤੇ ਸਰਗਰਮ ਅਲਰਟ ਲਗਾਇਆ ਹੋਇਆ ਸੀ।
ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਐਡੀਸ਼ਨਲ ਸਾਲਿਸਟਰ ਜਨਰਲ ਚੇਤਨ ਸ਼ਰਮਾ ਨੇ ਅਦਾਲਤ ਨੂੰ ਦੱਸਿਆ ਕਿ ਰਿਕਾਰਡਾਂ ਦੀ ਜਾਂਚ ਦੌਰਾਨ ਦਾਸ ਦੇ ਵਿੱਦਿਅਕ ਪਿਛੋਕੜ, ਰਿਹਾਇਸ਼ੀ ਪਤੇ ਅਤੇ ਮਾਤਾ-ਪਿਤਾ ਸਬੰਧੀ ਵੇਰਵਿਆਂ ਵਿੱਚ ਕੁਝ ਬੇਨਿਯਮੀਆਂ ਸਾਹਮਣੇ ਆਈਆਂ ਹਨ। ਉਨ੍ਹਾਂ ਅਨੁਸਾਰ, ਇਨ੍ਹਾਂ ਅਸੰਗਤਤਾਵਾਂ ਦਾ ਦਾਸ ਦੀ ਨਾਗਰਿਕਤਾ ਦੀ ਸਥਿਤੀ ’ਤੇ ਅਸਰ ਪੈਣ ਦੀ ਸੰਭਾਵਨਾ ਹੈ।
ਦੂਜੇ ਪਾਸੇ, ਦਾਸ ਦੇ ਵਕੀਲ ਅਤੇ ਸੀਨੀਅਰ ਐਡਵੋਕੇਟ ਅਖਿਲ ਸਿੱਬਲ ਨੇ ਯਾਤਰਾ ਪਾਬੰਦੀ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਹਵਾਈ ਅੱਡੇ ’ਤੇ ਪਹੁੰਚਣ ਤੋਂ ਪਹਿਲਾਂ ਇਸ ਪਾਬੰਦੀ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ ਅਤੇ ਨਾ ਹੀ ਕੋਈ ਅਧਿਕਾਰਤ ਦਸਤਾਵੇਜ਼ ਮੁਹੱਈਆ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ੋਅ-ਕਾਜ਼ ਨੋਟਿਸ ਵੀ ਹਵਾਈ ਅੱਡੇ ’ਤੇ ਹੀ ਦਿੱਤਾ ਗਿਆ। ਸਿੱਬਲ ਨੇ ਬਿਨਾਂ ਹੁਕਮ ਦੀ ਕਾਪੀ ਦਿੱਤੇ ਜਾਂ ਪਾਬੰਦੀ ਦੇ ਕਾਰਨ ਸਪੱਸ਼ਟ ਕੀਤੇ ਕਿਸੇ ਨਾਗਰਿਕ ਨੂੰ ਯਾਤਰਾ ਤੋਂ ਰੋਕਣ ਦੀ ਕਾਨੂੰਨੀ ਵਾਜਬੀਅਤ ’ਤੇ ਸਵਾਲ ਉਠਾਏ।
ਸਿੱਬਲ ਨੇ ਅਦਾਲਤ ਵਿੱਚ ਦਲੀਲ ਦਿੱਤੀ, “ਯਾਤਰਾ ਤੋਂ ਕੁਝ ਘੰਟੇ ਪਹਿਲਾਂ ਸ਼ੋਅ-ਕਾਜ਼ ਨੋਟਿਸ ਦਿੱਤਾ ਗਿਆ ਅਤੇ ਉਸ ਦਾ ਜਵਾਬ ਦੇਣ ਲਈ ਸਮਾਂ ਵੀ ਨਹੀਂ ਦਿੱਤਾ ਗਿਆ। ਮੇਰੇ ਮੁਵੱਕਿਲ ਕੋਲ ਵੈਧ ਪਾਸਪੋਰਟ ਅਤੇ ਵੀਜ਼ਾ ਹੈ। ਉਸ ਨੂੰ ਯਾਤਰਾ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ, ਕਿਉਂਕਿ ਇਹ ਉਸ ਦਾ ਮੌਲਿਕ ਅਧਿਕਾਰ ਹੈ।”
ਜਦੋਂ ਪਟੀਸ਼ਨਕਰਤਾ ਦੇ ਵਕੀਲ ਨੇ ਲੁੱਕਆਊਟ ਸਰਕੂਲਰ ਦੀ ਕਾਪੀ ਅਤੇ ਇਸ ਨੂੰ ਜਾਰੀ ਕਰਨ ਦੀ ਤਰੀਕ ਸਮੇਤ ਖ਼ਾਸ ਆਧਾਰਾਂ ਦੀ ਜਾਣਕਾਰੀ ਮੰਗੀ ਤਾਂ ਐਡੀਸ਼ਨਲ ਸਾਲਿਸਟਰ ਜਨਰਲ ਨੇ ਕਿਹਾ ਕਿ ਚੱਲ ਰਹੀ ਸੁਣਵਾਈ ਦੌਰਾਨ ਇਹ ਦਸਤਾਵੇਜ਼ ਸਿੱਧੇ ਤੌਰ ’ਤੇ ਪੇਸ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਪਟੀਸ਼ਨਕਰਤਾ ਇਸ ਸਰਕੂਲਰ ਨੂੰ ਚੁਣੌਤੀ ਦੇਣ ਲਈ ਵੱਖਰੀ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਵਾਸਤੇ ਆਜ਼ਾਦ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪਹਿਲੀ ਸੂਚਨਾ ਰਿਪੋਰਟ (FIR) 3 ਅਕਤੂਬਰ ਨੂੰ ਸ਼ਿਵਾਜੀ ਪਾਰਕ ਪੁਲੀਸ ਥਾਣੇ ਵਿੱਚ ਦਰਜ ਕੀਤੀ ਗਈ ਸੀ। ਇਸ ਵਿੱਚ ਸਮਾਗਮ ਦੇ ਪ੍ਰਬੰਧਕਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ, ਜਦਕਿ 400 ਤੋਂ 500 ਅਣਪਛਾਤੇ ਹਾਜ਼ਰੀਨ ਦਾ ਵੀ ਜ਼ਿਕਰ ਹੈ। ਪੁਲੀਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 189 (ਗ਼ੈਰ-ਕਾਨੂੰਨੀ ਇਕੱਠ) ਅਤੇ 223 (ਜਨਤਕ ਸੇਵਕ ਵੱਲੋਂ ਕਾਨੂੰਨੀ ਤੌਰ ’ਤੇ ਜਾਰੀ ਹੁਕਮ ਦੀ ਅਵੱਗਿਆ) ਤਹਿਤ ਮਾਮਲਾ ਦਰਜ ਕੀਤਾ ਹੈ।








